ਐੱਨਐੱਸਐੱਸ ਕੈਂਪ ਦਾ ਸਮਾਪਤੀ ਸਮਾਗਮ ਕਰਵਾਇਆ
ਮਾਤਾ ਸੁੰਦਰੀ ਗਰੁੱਪ ਆਫ਼ ਇੰਸਟੀਚਿਊਟ ਵੱਲੋਂ ਐਨਐਸਐਸ ਕੈਂਪ ਦਾ ਸਮਾਪਤੀ ਸਮਾਰੋਹ ਕਰਵਾਇਆ
Publish Date: Mon, 16 Feb 2026 06:58 PM (IST)
Updated Date: Tue, 17 Feb 2026 04:07 AM (IST)

ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਮਾਤਾ ਸੁੰਦਰੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਢੱਡੇ ਵੱਲੋਂ ਕੌਮੀ ਸੇਵਾ ਯੋਜਨਾ (ਐੱਨਐੱਸਐੱਸ) ਦੇ ਤਹਿਤ ਲਗਾਇਆ ਗਿਆ ਸੱਤ ਦਿਨਾ ਕੈਂਪ ਯਾਦਗਾਰੀ ਢੰਗ ਨਾਲ ਸਮਾਪਤ ਹੋਇਆ। ਇਹ ਕੈਂਪ ਕੌਮੀ ਸੇਵਾ ਯੋਜਨਾ ਵਿਭਾਗ ਪੰਜਾਬੀ ’ਵਰਸਿਟੀ ਪਟਿਆਲਾ, ਯੁਵਕ ਸੇਵਾਵਾਂ ਵਿਭਾਗ ਬਠਿੰਡਾ ਤੇ ਡਾਇਰੈਕਟਰ ਯੂਥ ਸਰਵਿਸਿਜ਼ ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਰਵਾਇਆ। ਸੰਸਥਾ ਦੇ ਚੇਅਰਮੈਨ ਕੁਲਵੰਤ ਸਿੰਘ ਸਿੱਧੂ, ਐਮਡੀ. ਗੁਰਬਿੰਦਰ ਸਿੰਘ ਬੱਲੀ ਤੇ ਡਾਇਰੈਕਟਰ ਐਡਮਿਨਿਸਟ੍ਰੇਸ਼ਨ ਪਰਮਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਇਹ ਕੈਂਪ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਮੀਲ ਪੱਥਰ ਸਾਬਤ ਹੋਇਆ ਹੈ। ਕੈਂਪ ਰਾਹੀਂ ਵਿਦਿਆਰਥੀਆਂ ਵਿਚ ਸਮਾਜਿਕ ਜ਼ਿੰਮੇਵਾਰੀ, ਸੇਵਾ ਭਾਵਨਾ ਤੇ ਅਨੁਸ਼ਾਸਨ ਮਜ਼ਬੂਤ ਹੋਏ। ਸਮਾਪਤੀ ਸਮਾਗਮ ਦੌਰਾਨ ਮੁੱਖ ਮਹਿਮਾਨ ਰਘਵੀਰ ਸਿੰਘ ਮਾਨ ਨੇ ਨਸ਼ਿਆਂ ਵਿਰੁੱਧ ਜਾਗਰੂਕਤਾ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਨੌਜਵਾਨੀ ਦੀ ਤਾਕਤ ਨੂੰ ਸਹੀ ਦਿਸ਼ਾ ’ਚ ਲਗਾ ਕੇ ਹੀ ਮਜ਼ਬੂਤ ਪੰਜਾਬ ਦੀ ਨਿਰਮਾਣ ਸੰਭਵ ਹੈ। ਨਸ਼ਿਆਂ ਵਿਰੁੱਧ ਲੜਾਈ ਸਾਂਝੀ ਜ਼ਿੰਮੇਵਾਰੀ ਹੈ ਤੇ ਸਿੱਖਿਆ, ਖੇਡਾਂ ਤੇ ਐੱਨਐੱਸਐੱਸ ਵਰਗੇ ਕਾਰਜਕ੍ਰਮ ਨੌਜਵਾਨਾਂ ਨੂੰ ਸਹੀ ਰਾਹ ਦਿਖਾਉਂਦੇ ਹਨ। ਕੈਂਪ ਦੌਰਾਨ ਸਫ਼ਾਈ ਮੁਹਿੰਮ, ਨਸ਼ਾ ਵਿਰੋਧੀ ਰੈਲੀ, ਸੱਭਿਆਚਾਰਕ ਸਰਗਰਮੀਆਂ, ਮੈਡੀਕਲ ਤੇ ਖੂਨਦਾਨ ਕੈਂਪ ਆਦਿ ਕਰਵਾਏ ਗਏ। ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਨੇ ਵੀ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਵੱਖ-ਵੱਖ ਸ਼੍ਰੇਣੀਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਗਰੁੱਪਾਂ ਅਤੇ ਵਲੰਟੀਅਰਾਂ ਨੂੰ ਸਨਮਾਨਿਤ ਕੀਤਾ ਗਿਆ। ਭਾਈ ਧਰਮ ਸਿੰਘ ਗਰੁੱਪ ਨੂੰ ਬੈਸਟ ਗਰੁੱਪ ਘੋਸ਼ਿਤ ਕੀਤਾ ਗਿਆ, ਜਦਕਿ ਖੁਸ਼ਪ੍ਰੀਤ ਕੌਰ ਸਿੱਧੂ ਨੇ ਬੈਸਟ ਵਲੰਟੀਅਰ ਦਾ ਖ਼ਿਤਾਬ ਹਾਸਲ ਕੀਤਾ। ਸਮਾਗਮ ਦੌਰਾਨ ਪ੍ਰੋ. ਰਾਜ ਸਿੰਘ ਬਾਘਾ ਨੇ ਕੈਂਪ ਦੀ ਵਿਸਥਾਰ ਰਿਪੋਰਟ ਪੇਸ਼ ਕੀਤੀ। ਅੰਤ ਵਿੱਚ ਸਾਰੇ ਅਧਿਕਾਰੀਆਂ, ਅਧਿਆਪਕਾਂ ਤੇ ਵਲੰਟੀਅਰਾਂ ਦਾ ਧੰਨਵਾਦ ਕੀਤਾ।