ਵਾਤਾਵਰਨ ਬਚਾਓ ਪ੍ਰਯਾਸ ਤਹਿਤ ਲਾਈ ਪ੍ਰਦਰਸ਼ਨੀ
ਵਾਤਾਵਰਣ ਬਚਾਓ ਪ੍ਰਯਾਸ ਤਹਿਤ ਪ੍ਰਦਰਸ਼ਨੀ ਲਗਾਈ
Publish Date: Mon, 16 Feb 2026 06:39 PM (IST)
Updated Date: Tue, 17 Feb 2026 04:07 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਮਾਤਾ ਵੈਸ਼ਨੂੰ ਦੇਵੀ ਮੰਦਰ, ਪਟੇਲ ਨਗਰ, ਬਠਿੰਡਾ ਵਿਖੇ ਰਾਸ਼ਟਰੀ ਸਵੰਮ ਸੇਵਕ ਸੰਘ ਬਠਿੰਡਾ ਵੱਲੋਂ ਸ੍ਰੀ ਸਨਾਤਨ ਮੰਚ ਦੇ ਸਹਿਯੋਗ ਨਾਲ “ਵਾਤਾਵਰਨ ਬਚਾਓ ਪ੍ਰਯਾਸ” ਅਧੀਨ ਇਕ ਜਾਗਰੂਕਤਾ ਪ੍ਰਦਰਸ਼ਨੀ ਲਗਾਈ ਗਈ। ਇਹ ਪ੍ਰਦਰਸ਼ਨੀ ਗੋਵਰਧਨ ਅਰੋੜਾ, ਨਗਰ ਸੰਘ ਚਾਲਕ ਬਠਿੰਡਾ ਦੀ ਦੇਖ-ਰੇਖ ਹੇਠ ਲਗਾਈ ਗਈ। ਇਸ ਬਾਰੇ ਰਮੇਸ਼ ਗੁਪਤਾ ਨੇ ਦੱਸਿਆ ਕਿ ਪ੍ਰਦਰਸ਼ਨੀ ਵਾਤਾਵਰਨ ਕਾਰਕੁਨ ਅਸੋਕ ਮਿੱਤਲ ਤੇ ਸਮਾਜ-ਸੇਵੀ ਵੀਨਾ ਰਾਣੀ ਵੱਲੋਂ ਕੀਤਾ ਗਿਆ। ਪ੍ਰਦਰਸ਼ਨੀ ਦੌਰਾਨ ਪ੍ਰਦੂਸ਼ਨ ਘਟਾਉਣ ਲਈ ਹੈਂਡ-ਵਾਸ਼, ਟੁੱਥ-ਪੇਸਟ, ਸ਼ੈਂਪੂ ਅਤੇ ਸੇਵਿੰਗ ਕਰੀਮ ਵਰਗੀਆਂ ਦਿਨਚਰੀ ਦੀਆਂ ਵਸਤਾਂ ਦੀ ਸੁਚੱਜੀ ਵਰਤੋਂ ਦੇ ਢੰਗ-ਤਰੀਕੇ ਸਮਝਾਏ ਗਏ। ਉਨ੍ਹਾਂ ਦੱਸਿਆ ਕਿ ਸਹੀ ਮਾਤਰਾ ਵਿਚ ਵਰਤੋਂ ਨਾਲ ਪਾਣੀ ਦੀ ਬਚਤ, ਪਲਾਸਟਿਕ ਦੀ ਘੱਟ ਵਰਤੋਂ ਅਤੇ ਆਰਥਿਕ ਲਾਭ ਸੰਭਵ ਹਨ। ਇਸ ਤੋਂ ਇਲਾਵਾ ਥਰਮੋਕੋਲ, ਜਿਸਨੂੰ ਆਮ ਤੌਰ ’ਤੇ ਕੂੜੇ ’ਚ ਸੁੱਟ ਦਿੱਤਾ ਜਾਂਦਾ ਹੈ, ਉਸ ਤੋਂ ਪੈਟਰੋਲ ਦੀ ਮਦਦ ਨਾਲ ਇਕ ਮਜ਼ਬੂਤ ਜੋੜਕ ਤਿਆਰ ਕਰਨ ਦੀ ਵਿਧੀ ਵੀ ਦਿਖਾਈ ਗਈ। ਇਸ ਜੋੜਕ ਨਾਲ ਇੱਟਾਂ, ਪੱਥਰ, ਪਲਾਸਟਿਕ, ਪਲਾਈਵੁੱਡ ਤੇ ਸਟੀਲ ਆਦਿ ਨੂੰ ਮਜਬੂਤੀ ਨਾਲ ਜੋੜਿਆ ਜਾ ਸਕਦਾ ਹੈ। ਵੀਣਾ ਰਾਣੀ ਨੇ ਪਲਾਸਟਿਕ ਤੇ ਥਰਮੋਕੋਲ ਦੇ ਬਦਲੇ ਕਣਕ ਦੀ ਤੂੜੀ ਤੇ ਬਾਂਸ ਤੋਂ ਬਣੀ ਵਾਤਾਵਰਣ-ਮਿੱਤਰ ਕਰਾਕਰੀ ਬਾਰੇ ਜਾਣਕਾਰੀ ਦਿੱਤੀ। ਲੋਕਾਂ ਨੂੰ ਰੁੱਖ ਲਾਉਣ ਲਈ ਪ੍ਰੇਰਿਤ ਕਰਦਿਆਂ ਪਲਾਸਟਿਕ ਦੀ ਥਾਂ ਲੱਕੜ ਦੀ ਵਰਤੋਂ ਵਧਾਉਣ ’ਤੇ ਜ਼ੋਰ ਦਿੱਤਾ। ਸਵਾਮੀ ਉਮੇਸ਼ਾ ਨੰਦ ਨੇ ਵੀ ਪ੍ਰਦਰਸ਼ਨੀ ਦਾ ਦੌਰਾ ਕੀਤਾ। ਪ੍ਰਦਰਸ਼ਨੀ ਨੂੰ ਸਫਲ ਬਣਾਉਣ ਵਿਚ ਕੁਲਭੂਸ਼ਨ , ਜੈ ਦੇਵ ਜਿੰਦਲ, ਅਸ਼ੋਕ ਮਾਲਵਾ, ਡਾ. ਸ਼ਿਵ ਦੱਤ, ਪ੍ਰੇਮ ਸਾਗਰ ਅਤੇ ਹੰਸ ਰਾਜ ਬਾਂਸਲ ਦਾ ਵਿਸ਼ੇਸ਼ ਯੋਗਦਾਨ ਰਿਹਾ।