ਅੰਤਰ ਰਾਸ਼ਟਰੀ ਬਚਪਨ ਕੈਂਸਰ ਦਿਵਸ ਬਾਰੇ ਕੀਤਾ ਜਾਗਰੂਕ
ਅੰਤਰ ਰਾਸ਼ਟਰੀ ਬਚਪਨ ਕੈਂਸਰ ਦਿਵਸ ਦੇ ਸਬੰਧ ਵਿਚ ਕੀਤਾ ਜਾਗਰੂਕ
Publish Date: Mon, 16 Feb 2026 04:29 PM (IST)
Updated Date: Tue, 17 Feb 2026 04:03 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਿਵਲ ਸਰਜਨ ਡਾ. ਤਪਿੰਦਪਜੋਤ ਨੇ ਅੰਤਰਰਾਸ਼ਟਰੀ ਬਚਪਨ ਕੈਂਸਰ ਦਿਵਸ ਦੇ ਸਬੰਧੀ ਦੱਸਿਆ ਕਿ ਇਹ ਦਿਨ ਹਰੇਕ ਸਾਲ 15 ਫਰਵਰੀ ਨੂੰ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਬੱਚਿਆਂ ਵਿਚ ਮੌਤ ਦਾ ਵੱਡਾ ਕਾਰਨ ਕੈਂਸਰ ਹੈ। ਇਸ ਦਿਨ ਦਾ ਮਕਸਦ ਬਚਪਨ ਦੇ ਕੈਂਸਰ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ, ਕੈਂਸਰ ਨਾਲ ਪੀੜਤ ਬੱਚਿਆਂ ਅਤੇ ਕਿਸ਼ੋਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਮਰਥਨ ਪ੍ਰਗਟ ਕਰਨਾ ਅਤੇ ਵਧੀਆ ਸੰਭਵ ਇਲਾਜ, ਦੇਖਭਾਲ ਤੇ ਸਹਾਇਤਾ ਕਰਨਾ ਹੈ। ਹਰ ਸਾਲ 20 ਸਾਲ ਤੋਂ ਘੱਟ ਉਮਰ ਦੇ 4 ਲੱਖ ਤੋਂ ਵੱਧ ਬੱਚਿਆਂ ਵਿੱਚ ਕੈਂਸਰ ਪਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਵਿਸ਼ਵ ਸਿਹਤ ਸੰਸਥਾ ਦਾ ਟੀਚਾ 2030 ਤੱਕ ਬਚਪਣ ਵਿੱਚ ਹੋਣ ਵਾਲੇ ਕੈਂਸਰ ਦੇ 60 ਫੀਸਦੀ ਬੱਚਿਆਂ ਨੂੰ ਕੈਂਸਰ ਤੋਂ ਬਚਾਉਣਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਬੱਚਿਆਂ ਨੂੰ ਲੰਬੇ ਸਮੇਂ ਤੋਂ ਬੁਖਾਰ, ਸਰੀਰ ਦੇ ਕਿਸੇ ਵੀ ਹਿੱਸੇ ਵਿਚ ਗੰਢ, ਭਾਰ ਘੱਟਣਾ, ਜ਼ੋੜਾਂ ਵਿੱਚ ਦਰਦ, ਚਮੜੀ ਤੇ ਲਾਲ ਨਾਭੀ ਰੰਗ ਦੇ ਧੱਬੇ, ਅੱਖ ਦੇ ਕੇਂਦਰ ਚ ਚਿੱਟੇ ਰੰਗ ਦੀ ਬਿੰਦੀ, ਸਵੇਰੇ ਉੱਠਣ ਵੇਲੇ ਉਲਟੀ, ਮਾਮੂਲੀ ਸੱਟ ਨਾਲ ਹੱਡੀ ਟੁੱਟਣਾ, ਨਿਰੰਤਰ ਸਿਰਦਰਦ ਆਦਿ ਨਜ਼ਰ ਆਉਣ ਤਾ ਨੇੜੇ ਦੇ ਮਾਹਿਰ ਡਾਕਟਰ ਨਾਲ ਸੰਪਰਕ ਕੀਤਾ ਜਾਵੇ।