ਪਾਬੰਦੀਸ਼ੁਦਾ ਪਦਾਰਥਾਂ ਦੀ ਤਸਕਰੀ ਦੀ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ
ਮਾਲ ਰੋਡ 'ਤੇ ਦਿਨ-ਦਿਹਾੜੇ ਨਸ਼ੀਲੇ ਪਦਾਰਥਾਂ ਦੀ ਤਸਕਰੀ, ਇੰਟਰਨੈਟ ‘ਤੇ ਵੀ ਵੀਡੀਓ ਵਾਇਰਲ
Publish Date: Sun, 15 Feb 2026 06:50 PM (IST)
Updated Date: Mon, 16 Feb 2026 04:10 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ
ਸਥਾਨਕ ਸ਼ਹਿਰ ਦੇ ਮਾਲ ਰੋਡ ’ਚ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇਥੇ ਸਵੇਰ ਤੋਂ ਲੈ ਕੇ ਸ਼ਾਮ ਤਕ ਖੁੱਲ੍ਹੇਆਮ ਨਸ਼ੇ ਦੀ ਸਪਲਾਈ ਕੀਤੀ ਜਾ ਰਹੀ ਹੈ ਜਦੋਂ ਕਿ ਸਰਕਾਰ "ਨਸ਼ਾ ਮੁਕਤ ਪੰਜਾਬ" ਦਾ ਦਾਅਵਾ ਕਰ ਰਹੀ ਹੈ। ਮਾਲ ਰੋਡ ’ਤੇ ਬੰਦ ਪਈ ਪਰਲ ਕੰਪਨੀ ਦੇ ਮਾਲ ਦੇ ਆਲੇ ਦੁਆਲੇ ਦਾ ਇਲਾਕਾ ਕਥਿਤ ਤੌਰ ’ਤੇ ਨਸ਼ਾ ਤਸਕਰਾਂ ਲਈ ਸਰੁੱਖਿਤ ਅੱਡਾ ਬਣ ਗਿਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਥੇ ਦਿਨ ਭਰ ਬਾਈਕ, ਈ-ਰਿਕਸ਼ਾ, ਆਟੋ, ਸਾਈਕਲ ਅਤੇ ਪੈਦਲ ਚੱਲਣ ਵਾਲਿਆਂ ਦੀ ਸ਼ੱਕੀ ਭੀੜ ਰਹਿੰਦੀ ਹੈ। ਇਥੇ ਕੁਝ ਮਿੰਟਾਂ ਦੇ ਅੰਦਰ ਨਸ਼ਾ ਤਸ਼ਕਰਾਂ ਵੱਲੋਂ ਇਕ "ਸੌਦਾ" ਹੋ ਜਾਂਦਾ ਹੈ ਅਤੇ ਇਹ ਸਿਲਸਿਲਾ ਸਾਰਾ ਦਿਨ ਜਾਰੀ ਰਹਿੰਦਾ ਹੈ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਮੱਛੀ ਬਾਜ਼ਾਰ ਦੇ ਨੇੜੇ ਆਟੋ-ਰਿਕਸ਼ਾ ਸਟੈਂਡ ਨੂੰ ਇਸ ਨੈੱਟਵਰਕ ਦਾ ਮੁੱਖ ਕੇਂਦਰ ਕਿਹਾ ਜਾਂਦਾ ਹੈ। ਸੂਤਰਾਂ ਅਨੁਸਾਰ, ਇੱਥੋਂ ਨਸ਼ਿਆਂ ਦੀਆਂ ਛੋਟੀਆਂ ਖੇਪਾਂ ਸਪਲਾਈ ਕੀਤੀਆਂ ਜਾਂਦੀਆਂ ਹਨ। ਐਤਵਾਰ ਨੂੰ ਇਸ ਨਸ਼ੀਲੇ ਪਦਾਰਥਾਂ ਦੇ ਵਪਾਰ ਦਾ ਇਕ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋਈ, ਜਿਸ ਵਿਚ ਸਾਫ਼ ਤੌਰ ’ਤੇ ਨਸ਼ਾ ਤਸਕਰ ਸਰੇਆਮ ਪੈਸੇ ਲੈ ਕੇ ਨਸ਼ੇ ਦੀਆਂ ਪੁਡੀਆਂ ਸਪਲਾਈ ਕਰਦੇ ਹੋਏ ਦਿਖਾਈ ਦਿੱਤੇ। ਇਸ ਘਟਨਾ ਤੋਂ ਬਾਅਦ ਸਵਾਲ ਉੱਠਦਾ ਹੈ ਕਿ ਇੰਨੇ ਵਿਅਸਤ ਇਲਾਕੇ ਵਿੱਚ, ਜਿੱਥੇ ਰੋਜ਼ਾਨਾ ਹਜ਼ਾਰਾਂ ਲੋਕ ਲੰਘਦੇ ਹਨ, ਇਹ ਸਭ ਕਿਸਦੀ ਨਿਗਰਾਨੀ ਹੇਠ ਹੋ ਰਿਹਾ ਹੈ। ਸਭ ਤੋਂ ਵੱਡਾ ਸਵਾਲ ਕਾਨੂੰਨ-ਵਿਵਸਥਾ ਉੱਤੇ ਹੈ। ਕੀ ਪ੍ਰਸ਼ਾਸਨ ਨੂੰ ਇਨ੍ਹਾਂ ਗਤੀਵਿਧੀਆਂ ਦੀ ਜਾਣਕਾਰੀ ਨਹੀਂ, ਜਾਂ ਜਾਣਕਾਰੀ ਹੋਣ ਦੇ ਬਾਵਜੂਦ ਕਾਰਵਾਈ ਨਹੀਂ ਕੀਤੀ ਜਾ ਰਹੀ? ਸਮਾਜਸੇਵੀ ਸੰਸਥਾ “ਨੌਜਵਾਨ ਵੈਲਫੇਅਰ ਸੁਸਾਇਟੀ” ਦੇ ਪ੍ਰਧਾਨ ਸੋਨੂ ਮਹੇਸ਼ਵਰੀ ਨੇ ਦੋਸ਼ ਲਾਇਆ ਹੈ ਕਿ ਇਹ ਖੁੱਲ੍ਹਾ ਨਸ਼ਾ ਵਪਾਰ ਨਵੀਂ ਪੀੜ੍ਹੀ ਨੂੰ ਬਰਬਾਦੀ ਵੱਲ ਧੱਕ ਰਿਹਾ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਪੁਲਿਸ ਤੁਰੰਤ ਸਖ਼ਤ ਕਾਰਵਾਈ ਕਰੇ ਅਤੇ ਇਲਾਕੇ ਵਿਚ ਲਗਾਤਾਰ ਪੁਲਿਸ ਗਸ਼ਤ, ਸੀਸੀਟੀਵੀ ਨਿਗਰਾਨੀ ਅਤੇ ਵਿਸ਼ੇਸ਼ ਕਾਰਵਾਈ ਕਰਕੇ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਜਾਵੇ। ਥਾਣਾ ਕੋਤਵਾਲੀ ਦੇ ਐਸਐਚਓ ਇੰਸਪੈਕਟਰ ਪਰਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਵੀਡੀਓ ਮਿਲੀ ਹੈ ਅਤੇ ਉਹ ਇਸ ਸਬੰਘੀ ਜਾਂਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੀਸੀਆਰ ਦੇ ਸਹਿਯੋਗ ਨਾਲ ਇੱਕ ਟੀਮ ਤਾਇਨਾਤ ਕੀਤੀ ਗਈ ਹੈ, ਜੋ ਸਿਵਲ ਵਰਦੀ ਵਿੱਚ ਇਲਾਕੇ ਵਿਚ ਨਸ਼ਾ ਸਪਲਾਈ ਕਰਨ ਵਾਲੇ ਤਸਕਰਾਂ ਨੂੰ ਰੰਗੇ ਹੱਥਾਂ ਫੜਨ ਲਈ ਤਿਆਰ ਹੈ। ਜਲਦੀ ਹੀ ਇਨ੍ਹਾਂ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।