ਜ਼ਿਲ੍ਹੇ ਦੇ 14 ਉਪ-ਸਿਹਤ ਕੇਂਦਰ ਬਣਨਗੇ ਆਮ ਆਦਮੀ ਕਲੀਨਿਕ
ਬਠਿੰਡਾ ਜ਼ਿਲ੍ਹੇ ਦੇ 14 ਉਪ-ਸਿਹਤ ਕੇਂਦਰ ਬਣਨਗੇ ਆਮ ਆਦਮੀ ਕਲੀਨਿਕ
Publish Date: Sun, 15 Feb 2026 06:29 PM (IST)
Updated Date: Mon, 16 Feb 2026 04:09 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ ਸਿਹਤ ਵਿਭਾਗ ਨੇ ਜ਼ਿਲ੍ਹੇ ਵਿਚ ਸਿਹਤ ਸਹੂਲਤਾਂ ਨੂੰ ਹੋਰ ਮਜ਼ਬੂਤ ਕਰਨ ਲਈ 14 ਉਪ-ਸਿਹਤ ਕੇਂਦਰਾਂ ਨੂੰ ਆਮ ਆਦਮੀ ਕਲੀਨਿਕਾਂ ਵਿਚ ਤਬਦੀਲ ਕਰਨ ਦੀ ਯੋਜਨਾ ਬਣਾਈ ਹੈ। ਵਿਭਾਗ ਨੇ ਇਨ੍ਹਾਂ 14 ਉਪ-ਸਿਹਤ ਕੇਂਦਰਾਂ ਦੀ ਚੋਣ ਕੀਤੀ ਹੈ ਅਤੇ ਜਲਦੀ ਹੀ ਇਨ੍ਹਾਂ ਨੂੰ ਲੁੜੀਂਦੇ ਸਰੋਤ, ਸਟਾਫ ਅਤੇ ਆਧੁਨਿਕ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਇਨ੍ਹਾਂ ਉਪ-ਸਿਹਤ ਕੇਂਦਰਾਂ ਨੂੰ ਪੜਾਅਵਾਰ ਅਪਗ੍ਰੇਡ ਕੀਤਾ ਜਾਵੇਗਾ। ਇਨ੍ਹਾਂ ਕੇਂਦਰਾਂ ਵਿਚ ਬਠਿੰਡਾ ਜ਼ਿਲ੍ਹੇ ਦੇ ਪਿੰਡ ਜਿਵੇਂ ਕਿ ਬੀੜ ਬਹਿਮਣ, ਗੁਲਾਬਗੜ੍ਹ, ਜੈ ਸਿੰਘ ਵਾਲਾ, ਜਲਾਲ, ਲਹਿਰਾ ਸੌਧਾ, ਮਲਕਾਣਾ, ਘਸੋਖਾਨਾ, ਚੱਕ ਰੁਲਦੂ ਸਿੰਘ ਵਾਲਾ, ਦਿਓਂਣ, ਜੰਡਾਂਵਾਲਾ, ਜੇਠੂਕੇ, ਰਾਏਕੇ ਕਲਾਂ, ਸਰਦਾਰਗੜ੍ਹ ਅਤੇ ਸ਼ੇਖਪੁਰਾ ਸ਼ਾਮਲ ਹਨ। ਇਮਾਰਤ ਦੀ ਮੁਰੰਮਤ, ਲੋੜੀਂਦੇ ਉਪਕਰਣਾਂ ਦੀ ਉਪਲਬਧਤਾ ਅਤੇ ਸਿਖਲਾਈ ਪ੍ਰਾਪਤ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਦੀ ਤਾਇਨਾਤੀ ਜਲਦ ਹੀ ਯਕੀਨੀ ਬਣਾਈ ਜਾਵੇਗੀ। ਇਹ ਕਲੀਨਿਕ ਆਮ ਬਿਮਾਰੀਆਂ ਦਾ ਇਲਾਜ, ਮੁਫਤ ਦਵਾਈਆਂ, ਮੁੱਢਲੀਆਂ ਲੈਬ ਟੈਸਟ, ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਹੋਰ ਮੁੱਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨਗੇ। ਆਮ ਆਦਮੀ ਕਲੀਨਿਕਾਂ ਦੀ ਸਥਾਪਨਾ ਪੇਂਡੂ ਤੇ ਸ਼ਹਿਰੀ ਦੋਵਾਂ ਖੇਤਰਾਂ ਵਿਚ ਉਨ੍ਹਾਂ ਦੇ ਘਰਾਂ ਦੇ ਨੇੜੇ ਬਿਹਤਰ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰੇਗੀ। ਇਹ ਕਲੀਨਿਕ 80 ਕਿਸਮਾਂ ਦੀਆਂ ਦਵਾਈਆਂ ਤੇ 46 ਕਿਸਮਾਂ ਦੇ ਲੈਬ ਟੈਸਟਾਂ ਦੇ ਨਾਲ-ਨਾਲ ਮੁਫ਼ਤ ਇਲਾਜ ਪ੍ਰਦਾਨ ਕਰਨਗੇ। ਮਰੀਜ਼ਾਂ ਨੂੰ ਹੁਣ ਛੋਟੇ ਇਲਾਜਾਂ ਲਈ ਜ਼ਿਲ੍ਹਾ ਹਸਪਤਾਲ ਜਾਂ ਨਿੱਜੀ ਕਲੀਨਿਕਾਂ ਵਿਚ ਨਹੀਂ ਜਾਣਾ ਪਵੇਗਾ, ਜਿਸ ਨਾਲ ਸਮਾਂ ਤੇ ਪੈਸਾ ਦੋਵਾਂ ਦੀ ਬੱਚਤ ਹੋਵੇਗੀ। ਮੁਫ਼ਤ ਟੈਸਟਿੰਗ ਅਤੇ ਦਵਾਈ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਨੂੰ ਵਿਸ਼ੇਸ਼ ਰਾਹਤ ਪ੍ਰਦਾਨ ਕਰੇਗੀ। ਇਸ ਤੋਂ ਇਲਾਵਾ, ਸਮੇਂ ਸਿਰ ਨਿਦਾਨ ਅਤੇ ਇਲਾਜ ਗੰਭੀਰ ਬਿਮਾਰੀਆਂ ਨੂੰ ਰੋਕਣ ’ਚ ਮਦਦ ਕਰੇਗਾ। ਇਨ੍ਹਾਂ ਕਲੀਨਿਕਾਂ ਵਿਚ ਡਿਜੀਟਲ ਰਿਕਾਰਡ ਵੀ ਹੋਣਗੇ, ਜੋ ਮਰੀਜ਼ਾਂ ਦੇ ਸਿਹਤ ਡੇਟਾ ਨੂੰ ਸੁਰੱਖਿਅਤ ਰੱਖਣ ਅਤੇ ਭਵਿੱਖ ਵਿੱਚ ਇਲਾਜ ਦੀ ਸਹੂਲਤ ਪ੍ਰਦਾਨ ਕਰਨ ਵਿੱਚ ਸਹਾਇਤਾ ਕਰਨਗੇ। ਔਰਤਾਂ, ਬਜ਼ੁਰਗਾਂ ਤੇ ਬੱਚਿਆਂ ਨੂੰ ਇਸ ਦਾ ਵਿਸ਼ੇਸ਼ ਤੌਰ ਤੇ ਲਾਭ ਹੋਵੇਗਾ, ਕਿਉਂਕਿ ਉਨ੍ਹਾਂ ਨੂੰ ਆਪਣੇ ਖੇਤਰ ਵਿਚ ਮੁੱਢਲੀਆਂ ਸਿਹਤ ਸੇਵਾਵਾਂ ਤੱਕ ਪਹੁੰਚ ਹੋਵੇਗੀ। ਹੁਣ ਤੱਕ, ਬਠਿੰਡਾ ਜ਼ਿਲ੍ਹੇ ਵਿੱਚ 44 ਆਮ ਆਦਮੀ ਕਲੀਨਿਕ ਸਥਾਪਤ ਕੀਤੇ ਗਏ ਹਨ। ਸਿਹਤ ਵਿਭਾਗ ਵੱਲੋਂ 14 ਨਵੇਂ ਉਪ-ਸਿਹਤ ਕੇਂਦਰਾਂ ਨੂੰ ਅਪਗ੍ਰੇਡ ਕਰਨ ਨਾਲ, ਜ਼ਿਲ੍ਹੇ ਵਿਚ ਆਮ ਆਦਮੀ ਕਲੀਨਿਕਾਂ ਦੀ ਕੁੱਲ ਗਿਣਤੀ 58 ਹੋ ਜਾਵੇਗੀ। ਸਿਹਤ ਵਿਭਾਗ ਨੇ ਕਿਹਾ ਕਿ ਸਰਕਾਰ ਦਾ ਟੀਚਾ ਹਰ ਘਰ ’ਚ ਸਿਹਤ ਸੇਵਾਵਾਂ ਪਹੁੰਚਾਉਣਾ ਹੈ। ਭਵਿੱਖ ਵਿਚ ਹਰੇਕ ਨਾਗਰਿਕ ਲਈ ਪਹੁੰਚਯੋਗ, ਕਿਫਾਇਤੀ ਅਤੇ ਗੁਣਵੱਤਾ ਵਾਲੀ ਸਿਹਤ ਸੰਭਾਲ ਯਕੀਨੀ ਬਣਾਉਣ ਲਈ ਲੋੜ ਅਨੁਸਾਰ ਹੋਰ ਸਿਹਤ ਕੇਂਦਰਾਂ ਨੂੰ ਅਪਗ੍ਰੇਡ ਕੀਤਾ ਜਾ ਸਕਦਾ ਹੈ। ਅਧਿਕਾਰੀਆਂ ਦੇ ਅਨੁਸਾਰ ਆਮ ਆਦਮੀ ਕਲੀਨਿਕਾਂ ਨੂੰ ਵਟਸਐਪ ਚੈਟਬੋਟ ਨਾਲ ਜੋੜਿਆ ਗਿਆ ਹੈ। ਡਾਕਟਰ ਦੇ ਨੁਸਖ਼ਿਆਂ, ਰਿਪੋਰਟਾਂ ਅਤੇ ਮੁਲਾਕਾਤ ਦੀਆਂ ਤਾਰੀਖਾਂ ਬਾਰੇ ਸਮੇਂ-ਸਮੇਂ ਤੇ ਯਾਦ-ਪੱਤਰਾਂ ਤੋਂ ਇਲਾਵਾ ਸ਼ੂਗਰ ਤੇ ਬਲੱਡ ਪ੍ਰੈਸ਼ਰ ਵਾਲੇ ਬਜ਼ੁਰਗ ਲੋਕਾਂ, ਗਰਭਵਤੀ ਔਰਤਾਂ ਅਤੇ ਨਵਜੰਮੇ ਬੱਚਿਆਂ ਦੀ ਦੇਖਭਾਲ ਬਾਰੇ ਜਾਣਕਾਰੀ ਵੀ ਵਟਸਐਪ ਤੇ ਉਪਲਬਧ ਕਰਵਾਈ ਜਾ ਰਹੀ ਹੈ। ਇਸ ਨਾਲ ਮਰੀਜ਼ਾਂ ਨੂੰ ਪਰਚੀਆਂ ਸੰਭਾਲਣ ਦੀ ਜ਼ਰੂਰਤ ਖਤਮ ਹੋ ਜਾਂਦੀ ਹੈ ਤੇ ਉਹ ਕਿਸੇ ਵੀ ਸਮੇਂ ਆਪਣੇ ਮੋਬਾਈਲ ਤੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।