ਧੋਖਾਧੜੀ ਦੇ ਮਾਮਲਿਆਂ ’ਚ ਦੋ ਵਿਅਕਤੀ ਨਾਮਜ਼ਦ
ਧੋਖਾਧੜੀ ਦੇ ਮਾਮਲਿਆਂ ਵਿਚ ਦੋ ਵਿਅਕਤੀ ਨਾਮਜ਼ਦ
Publish Date: Sun, 15 Feb 2026 04:29 PM (IST)
Updated Date: Mon, 16 Feb 2026 04:01 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਥਾਣਾ ਸਿਵਲ ਲਾਈਨ ਪੁਲਿਸ ਨੇ ਜ਼ਮੀਨ ਸਬੰਧੀ ਧੋਖਾਧੜੀ ਦੇ ਮਾਮਲਿਆਂ ਵਿਚ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪਹਿਲੇ ਮਾਮਲੇ ’ਚ ਥਾਣਾ ਸਿਵਲ ਲਾਈਨ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਕੁਲਦੀਪ ਸਿੰਘ ਵਾਸੀ ਦਿਆਲਪੁਰਾ ਭਾਈਕਾ ਨੇ ਦੱਸਿਆ ਕਿ ਉਸ ਨੇ ਪ੍ਰਜਾਪਤ ਕਾਲੋਨੀ ਵਿਚ 302 ਗਜ਼ ਦੇ ਪਲਾਟ ਦਾ ਸੌਦਾ ਅਮਿਤ ਕੁਮਾਰ ਵਾਸੀ ਪੰਚਵਟੀ ਨਗਰ ਨਾਲ ਕੀਤਾ ਸੀ। ਉਕਤ ਦੋਸ਼ੀ ਨੇ ਝੂਠੇ ਗਵਾਹ ਤੇ ਝੂਠਾ ਮਾਲਕ ਖੜ੍ਹਾ ਕਰਕੇ ਫਰਜ਼ੀ ਰਜਿਸਟਰੀ ਕਰਵਾ ਲਈ ਤੇ ਉਸ ਨਾਲ ਧੋਖਾਧੜੀ ਕੀਤੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਉਪਰੰਤ ਮੁਲਜ਼ਮ ਅਮਿਤ ਕੁਮਾਰ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ’ਚ ਲਛਮਣ ਸਿੰਘ ਵਾਸੀ ਪਿੰਡ ਗਿਲਪੱਤੀ ਨੇ ਦੱਸਿਆ ਕਿ ਉਸ ਨੇ ਨਵਜੋਤ ਸਿੰਘ ਵਾਸੀ ਪਿੰਡ ਕਰਮਗੜ੍ਹ ਸਤਰਾ ਨਾਲ ਪਿੰਡ ਕਰਮਗੜ੍ਹ ਵਿੱਚ 61 ਕੈਨਾਲ ਜ਼ਮੀਨ ਖਰੀਦਣ ਦਾ ਸੌਦਾ ਕੀਤਾ ਸੀ। ਦੋਸ਼ ਮੁਤਾਬਕ ਮੁਲਜ਼ਮ ਨੇ ਇਕਰਾਰਨਾਮਾ ਕਰ ਕੇ ਐਡਵਾਂਸ ਵਜੋਂ ਕਰੀਬ 16 ਲੱਖ ਰੁਪਏ ਲੈ ਲਏ, ਪਰ ਨਿਰਧਾਰਿਤ ਸਮੇਂ ਅੰਦਰ ਜ਼ਮੀਨ ਦੀ ਰਜਿਸਟਰੀ ਨਹੀਂ ਕਰਵਾਈ। ਜਦੋਂ ਸ਼ਿਕਾਇਤਕਰਤਾ ਨੇ ਆਪਣੀ ਰਕਮ ਵਾਪਸ ਮੰਗੀ ਤਾਂ ਮੁਲਜ਼ਮ ਨੇ 8-8 ਲੱਖ ਰੁਪਏ ਦੇ ਦੋ ਚੈਕ ਦਿੱਤੇ, ਜੋ ਬੈਂਕ ’ਚ ਪੇਸ਼ ਕਰਨ ‘ਤੇ ਬਾਊਂਸ ਹੋ ਗਏ। ਪੁਲਿਸ ਨੇ ਦੋਵੇਂ ਮਾਮਲਿਆਂ ਦੀ ਪੜਤਾਲ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਧੋਖਾਧੜੀ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।