ਲਿੰਗਕ ਪ੍ਰਜਣਨ ਸਿਹਤ ਜਾਗਰੂਕਤਾ ਸਬੰਧੀ ਵਰਕਸ਼ਾਪ
ਲਿੰਗਕ ਪ੍ਰਜਣਨ ਸਿਹਤ ਜਾਗਰੂਕਤਾ ਦਿਵਸ ਮੌਕੇ ਵਰਕਸ਼ਾਪ ਕਰਵਾਈ
Publish Date: Sat, 14 Feb 2026 05:24 PM (IST)
Updated Date: Sun, 15 Feb 2026 04:06 AM (IST)

ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ : ਸੀਨੀਅਰ ਮੈਡੀਕਲ ਅਫ਼ਸਰ ਡਾ. ਪਾਮਿਲ ਬਾਂਸਲ ਦੀ ਅਗਵਾਈ ਹੇਠ ਬਲਾਕ ਸੰਗਤ ਦੇ ਵੱਖ ਵੱਖ ਸਿਹਤ ਕੇਂਦਰਾਂ ਵਿਖੇ ਲਿੰਗਕ ਅਤੇ ਪ੍ਰਜਣਨ ਸਿਹਤ ਜਾਗਰੂਕਤਾ ਦਿਵਸ ਮੌਕੇ ਸਿਹਤ ਮੁਲਾਜ਼ਮਾਂ ਵੱਲੋਂ ਪਿੰਡ ਪੱਧਰ ਅਤੇ ਸਕੂਲੀ ਬੱਚਿਆਂ ਨੂੰ ਲਿੰਗਕ ਸਿਹਤ ਬਾਰੇ ਦੱਸਿਆ। ਇਸ ਸਬੰਧੀ ਸਿਹਤ ਕੇਂਦਰ ਸੰਗਤ ਵਿਖੇ ਵੱਖ ਪਿੰਡਾਂ ਦੀਆਂ ਆਸ਼ਾ ਵਰਕਰਾਂ ਦੀ ਇੱਕ ਰੋਜ਼ਾ ਵਰਕਸ਼ਾਪ ਕਰਵਾਈ ਗਈ। ਇਸ ਦਾ ਸੰਚਾਲਨ ਬਲਾਕ ਨੋਡਲ ਅਫਸਰ ਆਈਈਸੀ ਸਾਹਿਲ ਪੁਰੀ ਨੇ ਕੀਤਾ। ਇਸ ਮੌਕੇ ਡਾ ਪਾਮਿਲ ਬਾਂਸਲ ਨੇ ਦੱਸਿਆ ਕਿ ਇਸ ਦਿਨ ਦਾ ਮੁੱਖ ਉਦੇਸ਼ ਲੋਕਾਂ ਨੂੰ ਲਿੰਗਕ ਅਤੇ ਪ੍ਰਜਨਨ ਸਿਹਤ ਨਾਲ ਸਬੰਧਤ ਸਹੀ ਜਾਣਕਾਰੀ ਪ੍ਰਦਾਨ ਕਰਨਾ, ਗਲਤ ਫਹਿਮੀਆਂ ਦੂਰ ਕਰਨਾ ਤੇ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਲਿੰਗਕ ਅਤੇ ਪ੍ਰਜਨਨ ਸਿਹਤ ਸਿਰਫ਼ ਬਿਮਾਰੀਆਂ ਤੋਂ ਬਚਾਅ ਤਕ ਸੀਮਤ ਨਹੀਂ, ਸਗੋਂ ਇਹ ਸਰੀਰਕ, ਮਾਨਸਿਕ ਅਤੇ ਸਮਾਜਿਕ ਸੁਖ-ਸਮਰਿੱਧੀ ਨਾਲ ਵੀ ਜੁੜੀ ਹੋਈ ਹੈ। ਜਾਣਕਾਰੀ ਦੀ ਘਾਟ ਕਾਰਨ ਕਈ ਵਾਰ ਨੌਜਵਾਨਾਂ ਅਤੇ ਕਿਸ਼ੋਰ-ਕਿਸ਼ੋਰੀਆਂ ਨੂੰ ਗੰਭੀਰ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਸੁਰੱਖਿਅਤ ਮਾਤਾ-ਪਿਤਾ ਬਣਨ, ਪਰਿਵਾਰ ਨਿਯੋਜਨ, ਲਿੰਗ ਸੰਕਰਮਿਤ ਬਿਮਾਰੀਆਂ ਤੋਂ ਬਚਾਅ, ਮਹਾਂਵਾਰੀ ਸਫ਼ਾਈ ਅਤੇ ਕਿਸ਼ੋਰ ਅਵਸਥਾ ਦੇ ਬਦਲਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨਾਲ ਹੀ ਨੌਜਵਾਨਾਂ ਨੂੰ ਸੰਦੇਹ ਹੋਣ ‘ਤੇ ਨਜ਼ਦੀਕੀ ਸਿਹਤ ਕੇਂਦਰ ਜਾਂ ਮਾਹਿਰ ਡਾਕਟਰ ਨਾਲ ਸਲਾਹ ਕਰਨ ਦੀ ਅਪੀਲ ਕੀਤੀ ਗਈ। ਏਮਜ ਤੋਂ ਡਾ. ਦੀਪਾ ਭਾਰਤੀ ਨੇ ਕਿਹਾ ਕਿ ਇਸ ਵਿਸ਼ੇ ਤੇ ਖੁੱਲ੍ਹ ਕੇ ਗੱਲਬਾਤ ਕਰਨ, ਭਰੋਸੇਯੋਗ ਸਰੋਤਾਂ ਤੋਂ ਜਾਣਕਾਰੀ ਪ੍ਰਾਪਤ ਕਰਨ ਅਤੇ ਸਿਹਤਮੰਦ ਭਵਿੱਖ ਦੀ ਨੀਂਹ ਰੱਖਣ ਵਿਚ ਆਪਣਾ ਯੋਗਦਾਨ ਪਾਉਣ।