ਪ੍ਰੈਗਾਬਾਲਿਨ ਦੀ ਵਿਕਰੀ ’ਤੇ ਲਾਈ ਰੋਕ
ਪ੍ਰੈਗਾਬਾਲਿਨ ਦੀ ਵਿਕਰੀ ’ਤੇ ਪਾਬੰਦੀ
Publish Date: Sat, 14 Feb 2026 04:49 PM (IST)
Updated Date: Sun, 15 Feb 2026 04:03 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹਾ ਮੈਜਿਸਟ੍ਰੇਟ ਬਠਿੰਡਾ ਰਾਜੇਸ਼ ਧੀਮਾਨ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਪ੍ਰਦੱਤ ਅਧਿਕਾਰ ਵਰਤਦਿਆਂ ਬਠਿੰਡਾ ਜ਼ਿਲ੍ਹੇ ਵਿੱਚ ਕੈਪਸੂਲ ਤੇ ਟੈਬਲਟ ਪ੍ਰੈਗਾਬਾਲਿਨ (75 ਮਿਲੀਗ੍ਰਾਮ ਤੋਂ ਵੱਧ ਫਾਰਮੂਲੇਸ਼ਨ) ਦੇ ਸਟਾਕਿੰਗ ਅਤੇ ਵਿਕਰੀ ’ਤੇ ਪਾਬੰਦੀ ਲਗਾ ਦਿੱਤੀ ਹੈ। ਜ਼ਿਲ੍ਹਾ ਮੈਜਿਸਟ੍ਰੇਟ ਨੇ ਹੁਕਮ ਦਿੱਤੇ ਹਨ ਕਿ ਥੋਕ ਵਪਾਰੀ, ਖੁਦਰਾ ਵਿਕ੍ਰੇਤਾ, ਕੈਮਿਸਟ/ਮੈਡੀਕਲ ਸਟੋਰ ਮਾਲਕ, ਹਸਪਤਾਲਾਂ ’ਚ ਫਾਰਮੇਸੀ ਜਾਂ ਕੋਈ ਵੀ ਹੋਰ ਵਿਅਕਤੀ ਅਸਲ ਪ੍ਰੈਸਕ੍ਰਿਪਸ਼ਨ ਸਲਿੱਪ ਤੋਂ ਬਿਨਾਂ ਪ੍ਰੈਗਾਬਾਲਿਨ 75 ਮਿਲੀਗ੍ਰਾਮ ਨਹੀਂ ਵੇਚੇਗਾ। ਵਿਕਰੇਤਾਵਾਂ ਨੂੰ ਖਰੀਦ ਅਤੇ ਵਿਕਰੀ ਦਾ ਢੁਕਵਾਂ ਰਿਕਾਰਡ ਰੱਖਣਾ ਹੋਵੇਗਾ। ਉਨ੍ਹਾਂ ਨੂੰ ਅਸਲ ਪ੍ਰੈਸਕ੍ਰਿਪਸ਼ਨ ਸਲਿੱਪ ਤੇ ਕੈਮਿਸਟ/ ਰਿਟੇਲਰ ਦਾ ਨਾਮ, ਵਿਕਰੀ ਦੀ ਤਾਰੀਖ, ਵੇਚੀਆਂ ਹੋਈਆਂ ਟੈਬਲਟਾਂ ਦੀ ਗਿਣਤੀ ਵਾਲਾ ਸਟੈਂਪ ਲਗਾਉਣਾ ਹੋਵੇਗਾ। ਸਾਰੇ ਤਰ੍ਹਾਂ ਦੀ ਵਿਕਰੀ ਸਿਰਫ਼ ਪ੍ਰੈਸਕ੍ਰਿਪਸ਼ਨ ਸਲਿੱਪ ਦੇ ਅਧਾਰ 'ਤੇ ਹੀ ਕੀਤੀ ਜਾਵੇਗੀ। ਉਹ ਇਹ ਵੀ ਯਕੀਨੀ ਬਣਾਉਣਗੇ ਕਿ ਵੰਡੀ ਜਾ ਰਹੀਆਂ ਟੈਬਲੇਟਾਂ/ਕੈਪਸੂਲਾਂ ਦੀ ਗਿਣਤੀ ਪ੍ਰੈਸਕ੍ਰਿਪਸ਼ਨ ਦੀ ਮਿਆਦ ਤੋਂ ਵੱਧ ਨਾ ਹੋਵੇਗੀ। ਇਸ ਹੁਕਮ ਵਿੱਚ ਬਠਿੰਡਾ ਸਿਵਲ ਹਸਪਤਾਲ ਵਿਖੇ ਚੱਲ ਰਹੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਮੈਡੀਕਲ ਸਟੋਰ ਦੀ ਵਿਕਰੀ ਨੂੰ ਢਿਲਾਈ ਦਿੱਤੀ ਗਈ ਹੈ। ਰੈਡ ਕਰਾਸ ਸਕੱਤਰ ਯਕੀਨੀ ਬਣਾਉਣਗੇ ਕਿ ਸਾਰੇ ਫਾਰਮੂਲੇਸ਼ਨਾਂ ਵਾਲੇ ਪ੍ਰੈਗਾਬਾਲਿਨ ਦੀ ਖਰੀਦ/ਵਿਕਰੀ ਦਾ ਢੁੱਕਵਾਂ ਰਿਕਾਰਡ ਰੱਖਿਆ ਜਾਵੇ ਅਤੇ ਇਸ ਹੁਕਮ ਦੇ ਬਾਕੀ ਹੁਕਮਾਂ ਦਾ ਪਾਲਣ ਕੀਤਾ ਜਾਵੇ। ਇਸ ਹੁਕਮ ਦਾ ਉਲੰਘਣਾ ਭਾਰਤੀ ਨਿਆ ਸੰਹਿਤਾ 2023 ਦੀ ਧਾਰਾ 223 ਅਨੁਸਾਰ ਸਖ਼ਤੀ ਨਾਲ ਨਿਪਟੀ ਜਾਵੇਗੀ। ਹੁਕਮ 9 ਅਪ੍ਰੈਲ 2026 ਤੱਕ ਲਾਗੂ ਰਹਿਣਗੇ।