ਪਾਠ ਦੇ ਭੋਗ ਉਪਰੰਤ ਮੇਅਰ ਪਦਮਜੀਤ ਸਿੰਘ ਸਨਮਾਨਿਤ
ਐਮਆਰਐਸਪੀਟੀਯੂ ਦੇ 11ਵੇਂ ਸਥਾਪਨਾ ਹਫ਼ਤੇ ਦਾ ਤੀਜਾ ਦਿਨ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਨਾਲ ਮਨਾਇਆ
Publish Date: Fri, 13 Feb 2026 07:30 PM (IST)
Updated Date: Sat, 14 Feb 2026 04:12 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਹਫ਼ਤੇ ਭਰ ਚੱਲਣ ਵਾਲੇ 11ਵੇਂ ਸਥਾਪਨਾ ਦਿਵਸ ਸਮਾਰੋਹ ਦੇ ਤੀਜੇ ਦਿਨ ਯੂਨੀਵਰਸਿਟੀ ਕੈਂਪਸ ਵਿਚ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਨਾਲ ਡੂੰਘੇ ਅਧਿਆਤਮਿਕ ਉਤਸ਼ਾਹ ਅਤੇ ਸਮੂਹਿਕ ਸ਼ਰਧਾ ਨਾਲ ਮਨਾਇਆ ਗਿਆ।ਇਸ ਧਾਰਮਿਕ ਸਮਾਰੋਹ ਵਿਚ ਯੂਨੀਵਰਸਿਟੀ ਭਾਈਚਾਰੇ ਦੇ ਮੈਂਬਰਾਂ, ਵਿਸ਼ੇਸ਼ ਮਹਿਮਾਨਾਂ, ਫੈਕਲਟੀ, ਸਟਾਫ਼ ਅਤੇ ਵਿਦਿਆਰਥੀਆਂ ਦੀ ਸ਼ਮੂਲੀਅਤ ਦੇਖਣ ਨੂੰ ਮਿਲੀ। ਸ੍ਰੀ ਦਰਬਾਰ ਸਾਹਿਬ ਤੋਂ ਹਜ਼ੂਰੀ ਰਾਗੀ ਜਥੇ ਨੇ ਮਲਟੀਪਰਪਜ਼ ਹਾਲ ਵਿਖੇ ਰੂਹਾਨੀ ਕੀਰਤਨ ਕੀਤਾ। ਭੋਗ ਸਮਾਰੋਹ ਤੋਂ ਬਾਅਦ, ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਹੈ। ਵਿਦਿਆਰਥੀਆਂ ਨੇ ਸੇਵਾ ਅਤੇ ਏਕਤਾ ਦੀ ਭਾਵਨਾ ਨੂੰ ਦਰਸਾਉਂਦੇ ਹੋਏ ਲੰਗਰ ਤਿਆਰ ਕਰਨ ਅਤੇ ਪਰੋਸਣ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਵਾਈਸ-ਚਾਂਸਲਰ, ਪ੍ਰੋਫੈਸਰ (ਡਾ.) ਰਾਜੀਵ ਸੂਦ, ਬਠਿੰਡਾ ਨਗਰ ਨਿਗਮ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਅਤੇ ਬਠਿੰਡਾ ਕੇਂਦਰੀ ਸਹਿਕਾਰੀ ਬੈਂਕ ਲਿਮਟਿਡ ਦੇ ਚੇਅਰਮੈਨ, ਰਾਜਨ ਅਮਰਦੀਪ ਸਿੰਘ ਸਮੇਤ ਉੱਘੇ ਪਤਵੰਤਿਆਂ ਨੇ ਸ਼ਿਰਕਤ ਕੀਤੀ। ਮੇਅਰ ਨੇ ਯੂਨੀਵਰਸਿਟੀ ਦੇ ਨੇੜੇ ਪ੍ਰਸਤਾਵਿਤ ਚੌਕ 'ਤੇ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਤ ਕਰਨ ਦਾ ਐਲਾਨ ਕੀਤਾ ਤੇ ਇੱਕ ਜਿਮਨੇਜ਼ੀਅਮ, ਮਨੋਰੰਜਨ ਪਾਰਕ, ਬੱਚਿਆਂ ਦੇ ਝੂਲੇ ਅਤੇ ਵਧੀਆਂ ਹਰੀਆਂ ਥਾਵਾਂ ਦੇ ਵਿਕਾਸ ਦਾ ਵੀ ਭਰੋਸਾ ਦਿੱਤਾ। ਇਸ ਮੌਕੇ ਮਹਿਮਾਨਾਂ ਦੁਆਰਾ ਰੁੱਖ ਲਗਾਉਣ ਦੀ ਰਸਮ ਅਦਾ ਕੀਤੀ। ਰਜਿਸਟਰਾਰ ਡਾ. ਗੁਰਿੰਦਰਪਾਲ ਸਿੰਘ ਬਰਾੜ ਨੇ ਪ੍ਰੋਗਰਾਮ ਦੇ ਸਫਲ ਆਯੋਜਨ ਲਈ ਫੈਕਲਟੀ ਅਤੇ ਸਟਾਫ ਦੀ ਸ਼ਲਾਘਾ ਕੀਤੀ ਅਤੇ ਰਸਮੀ ਧੰਨਵਾਦ ਦਾ ਮਤਾ ਪੇਸ਼ ਕੀਤਾ।