ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸਮਾਗਮਾਂ ਸਬੰਧੀ ਵਿਚਾਰਾਂ
ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਸਮਾਗਮਾਂ ਦੀ ਤਿਆਰੀ ਲਈ ਅਹਿਮ ਮੀਟਿੰਗ
Publish Date: Fri, 13 Feb 2026 06:39 PM (IST)
Updated Date: Sat, 14 Feb 2026 04:10 AM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਮੀਟਿੰਗ ਹਾਲ ਵਿਖੇ ਸਿੰਘ ਸਾਹਿਬ ਬਾਬਾ ਟੇਕ ਸਿੰਘ ਧਨੌਲਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਅਗਵਾਈ ਹੇਠ ਇਕ ਅਹਿਮ ਮੀਟਿੰਗ ਕੀਤੀ ਗਈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਸ਼ਤਾਬਦੀ ਸਮਾਗਮਾਂ ਤੇ ਭਾਈ ਤਾਰਾ ਸਿੰਘ ਵਾਂ ਦੀ 300ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵੱਡੇ ਪੱਧਰ ‘ਤੇ ਅੰਮ੍ਰਿਤ ਸੰਚਾਰ ਸਮਾਗਮ ਕਰਵਾਉਣ ਸਬੰਧੀ ਵਿਚਾਰਾਂ ਕੀਤੀਆਂ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇ. ਬਾਬਾ ਟੇਕ ਸਿੰਘ ਧਨੌਲਾ ਨੇ ਕਿਹਾ ਕਿ ਅੰਮ੍ਰਿਤ ਛਕਣ ਵਾਲਿਆਂ ਦੇ ਨਾਲ-ਨਾਲ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਲਈ ਖਾਸ ਉਪਰਾਲੇ ਕੀਤੇ ਜਾਣਗੇ। ਚੀਫ਼ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਆਪਣੇ ਸੰਬੋਧਨ ਵਿਚ ਐਲਾਨ ਕੀਤਾ ਕਿ ਅੰਮ੍ਰਿਤ ਸੰਚਾਰ ਨਾਲ ਨਾਲ ਭੁੱਲੇ-ਵਿਸਰੇ ਨੌਜਵਾਨਾਂ ਨੂੰ ਮੁੜ ਆਪਣੇ ਵਿਰਸੇ ਤੇ ਧਰਮ ਨਾਲ ਜੋੜਨ ਲਈ “ਘਰ ਵਾਪਸੀ ਲਹਿਰ” ਸ਼ੁਰੂ ਕੀਤੀ ਜਾਵੇਗੀ। ਗੁਰਪ੍ਰੀਤ ਸਿੰਘ ਝੱਬਰ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਸਮਾਗਮਾਂ ਨੂੰ ਇਤਿਹਾਸਕ ਬਣਾਉਣ ਲਈ ਸੰਗਤ ਨੂੰ ਵਧ ਚੜ੍ਹ ਕੇ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਅੰਤ੍ਰਿੰਗ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ, ਮੇਜਰ ਸਿੰਘ ਢਿੱਲੋਂ, ਕੁਲਵੰਤ ਸਿੰਘ ਮੰਨਣ ਚੀਫ਼ ਸਕੱਤਰ, ਮੋਹਨ ਸਿੰਘ ਬੰਗੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸੁਖਬੀਰ ਸਿੰਘ ਮੀਤ ਸਕੱਤਰ, ਨਰਿੰਦਰਜੀਤ ਸਿੰਘ ਮੈਨੇਜਰ, ਭੋਲਾ ਸਿੰਘ ਇੰਚਾਰਜ, ਸਰਬਜੀਤ ਸਿੰਘ ਢੋਟੀਆਂ, ਸਤਨਾਮ ਸਿੰਘ ਸੱਲੋਪੁਰੀ, ਜਗਜੀਤ ਸਿੰਘ ਸਹਿਜ ਪਾਠ ਸੇਵਾ ਲਹਿਰ ਦੇ ਨੁਮਾਇੰਦਿਆਂ ਸਮੇਤ ਪੰਜ ਜ਼ਿਲ੍ਹਿਆਂ ਦੇ ਪ੍ਰਚਾਰਕ, ਢਾਡੀ-ਕਵੀਸ਼ਰ ਸਾਹਿਬਾਨ ਅਤੇ ਤਖ਼ਤ ਸਾਹਿਬ ਦਾ ਸਮੁੱਚਾ ਸਟਾਫ ਹਾਜ਼ਰ ਸੀ।