- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਜੇ ਵੀ ਧੀ ਨੂੰ ਬੋਝ ਸਮਝਣ ਵਾਲੀ ਲੋਕਾਂ ਦੀ ਸੋਚ ਪੂਰੀ ਤਰ੍ਹਾਂ ਨਹੀਂ

- ਪੰਜ ਗੁਣਾ ਜ਼ਿਆਦਾ ਕੁੜੀਆਂ ਪੰਘੂੜੇ ’ਚ ਛੱਡੀਆਂ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ
ਬਠਿੰਡਾ : ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਬਠਿੰਡਾ ਵੱਲੋਂ ਪਿਛਲੇ 17 ਸਾਲਾਂ ਤੋਂ ਚਲਾਏ ਜਾ ਰਹੇ ਸਰਕਾਰੀ ਪੰਘੂੜੇ ਨਾਲ ਸੈਂਕੜੇ ਨਵਜੰਮੇ ਬੱਚਿਆਂ ਦੀ ਜਾਨ ਹੀ ਨਹੀਂ ਬਚੀ ਹੈ, ਸਗੋਂ ਉਹ ਕਈ ਚੰਗੇ ਘਰਾਂ ਵਿਚ ਆਪਣਾ ਜੀਵਨ ਬਤੀਤ ਕਰ ਰਹੇ ਹਨ। ਪਰ ਪੰਘੂੜਿਆਂ ਵਿਚ ਆਏ ਬੱਚਿਆਂ ਦੀ ਗਿਣਤੀ ਤੋਂ ਪਤਾ ਲੱਗਦਾ ਹੈ ਕਿ ਕੁੱਝ ਲੋਕਾਂ ਦੀ ਕੁੜੀਆਂ ਨੂੰ ਆਪਣੇ ’ਤੇ ਬੋਝ ਸਮਝਣ ਵਾਲੀ ਮਾੜੀ ਸੋਚ ਹਾਲੇ ਵੀ ਉਸੇ ਤਰ੍ਹਾਂ ਹੀ ਹੈ। ਸੂਚਨਾ ਦੇ ਅਧਿਕਾਰ ਤਹਿਤ ਸਾਹਮਣੇ ਆਏ ਅੰਕੜੇ ਸਿਰਫ਼ ਸਰਕਾਰੀ ਰਿਕਾਰਡ ਨਹੀਂ, ਸਗੋਂ ਸਾਡੇ ਸਮਾਜ ਕਈ ਸਵਾਲ ਵੀ ਖੜ੍ਹੇ ਕਰਦੇ ਹਨ। ਆਰਟੀਆਈ ਰਾਹੀਂ ਮਿਲੀ ਜਾਣਕਾਰੀ ਅਨੁਸਾਰ ਸਾਲ 2009 ਤੋਂ ਲੈ ਕੇ ਹੁਣ ਤਕ ਜ਼ਿਲ੍ਹੇ ਅੰਦਰ ਪੰਘੂੜੇ ਵਿੱਚ ਕੁੱਲ 75 ਬੱਚੇ ਆਏ ਹਨ, ਜਿਨ੍ਹਾਂ ਵਿੱਚੋਂ 62 ਕੁੜੀਆਂ ਅਤੇ ਸਿਰਫ਼ 13 ਮੁੰਡੇ ਹਨ। ਲੜਕੀਆਂ ਦੀ ਗਿਣਤੀ ਲੜਕਿਆਂ ਨਾਲੋਂ ਲਗਭਗ ਪੰਜ ਗੁਣਾ ਵੱਧ ਹੋਣਾ ਸਮਾਜ ਦੀ ਸੋਚ ’ਤੇ ਗੰਭੀਰ ਪ੍ਰਸ਼ਨ ਚਿੰਨ੍ਹ ਲਗਾਉਂਦਾ ਹੈ। ਇਹ ਅੰਕੜੇ ਅਣਕਹੀ ਕਹਾਣੀ ਬਿਆਨ ਕਰਦੇ ਹਨ ਕਿ ਅੱਜ ਵੀ ਧੀ ਨੂੰ ਬੋਝ ਸਮਝਣ ਵਾਲੀ ਸੋਚ ਪੂਰੀ ਤਰ੍ਹਾਂ ਮੁੱਕੀ ਨਹੀਂ। ਬਠਿੰਡਾ ਵਿੱਚ ਪਿਛਲੇ ਕਰੀਬ 17 ਸਾਲਾਂ ਤੋਂ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਬਠਿੰਡਾ ਵੱਲੋਂ ਇਕ ਸਰਕਾਰੀ ਪੰਘੂੜਾ ਚਲਾਇਆ ਜਾ ਰਿਹਾ ਹੈ, ਜਿਸ ਦਾ ਮੁੱਖ ਮਕਸਦ ਲਾਵਾਰਿਸ, ਨਵਜੰਮੇ ਅਤੇ ਅਣਚਾਹੇ ਬੱਚਿਆਂ ਦੀ ਜਾਨ ਬਚਾਉਣਾ ਹੈ। ਇਹ ਪੰਘੂੜਾ ਉਨ੍ਹਾਂ ਮਾਪਿਆਂ ਲਈ ਇਕ ਸੁਰੱਖਿਅਤ ਵਿਕਲਪ ਹੈ, ਜੋ ਕਿਸੇ ਮਜਬੂਰੀ ਕਾਰਨ ਆਪਣੇ ਨਵਜੰਮੇ ਬੱਚੇ ਨੂੰ ਆਪਣੇ ਕੋਲ ਨਹੀਂ ਰੱਖ ਸਕਦੇ ਅਤੇ ਅਕਸਰ ਬੱਚਿਆਂ ਨੂੰ ਕੂੜੇ ਦੇ ਢੇਰਾਂ ਜਾਂ ਸੁੰਨੀਆਂ ਥਾਵਾਂ ’ਤੇ ਛੱਡ ਜਾਂਦੇ ਹਨ। ਪੰਘੂੜੇ ਵਿੱਚ ਬੱਚਾ ਆਉਣ ਤੋਂ ਬਾਅਦ ਬਠਿੰਡਾ ਪ੍ਰਸ਼ਾਸਨ ਵੱਲੋਂ ਉਸ ਦੀ ਪੂਰੀ ਮੈਡੀਕਲ ਜਾਂਚ ਕਰਵਾਈ ਜਾਂਦੀ ਹੈ ਅਤੇ ਬਾਅਦ ਵਿੱਚ ਬੱਚੇ ਨੂੰ ਅਡਾਪਸ਼ਨ ਸੈਂਟਰ ਭੇਜਿਆ ਜਾਂਦਾ ਹੈ। ਸੂਚਨਾ ਦਾ ਅਧਿਕਾਰ ਕਾਨੂੰਨ 2005 ਤਹਿਤ ਸਮਾਜ ਸੇਵੀ ਸੰਜੀਵ ਗੋਇਲ ਨੇ 29 ਅਗਸਤ 2025 ਨੂੰ ਡਿਪਟੀ ਕਮਿਸ਼ਨਰ ਬਠਿੰਡਾ ਦੇ ਦਫ਼ਤਰ ਵਿੱਚ ਦਰਜ ਕਰਵਾਈ ਗਈ ਆਰਟੀਆਈ ਦੇ ਜਵਾਬ ਵਿੱਚ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਬਠਿੰਡਾ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਪੰਘੂੜਾ 20 ਫਰਵਰੀ 2009 ਨੂੰ ਸ਼ੁਰੂ ਕੀਤਾ ਗਿਆ ਸੀ। ਮਿਲੇ ਅੰਕੜਿਆਂ ਮੁਤਾਬਿਕ ਪਿਛਲੇ ਕਰੀਬ 17 ਸਾਲਾਂ ਦੌਰਾਨ ਇਸ ਪੰਘੂੜੇ ਵਿੱਚ ਕੁੱਲ 75 ਬੱਚੇ ਆਏ ਹਨ, ਜਿਨ੍ਹਾਂ ਵਿੱਚੋਂ 62 ਕੁੜੀਆਂ ਅਤੇ 13 ਮੁੰਡੇ ਸ਼ਾਮਲ ਹਨ। ਅੰਕੜਿਆਂ ਤੋਂ ਸਾਫ਼ ਹੁੰਦਾ ਹੈ ਕਿ ਪੰਘੂੜੇ ਵਿੱਚ ਆਉਣ ਵਾਲੀਆਂ ਕੁੜੀਆਂ ਦੀ ਗਿਣਤੀ ਲੜਕਿਆਂ ਦੇ ਮੁਕਾਬਲੇ ਲਗਭਗ ਪੰਜ ਗੁਣਾ ਵੱਧ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਸਾਡੇ ਲੋਕਾਂ ਵਿਚ ਅਜੇ ਵੀ ਧੀ ਨੂੰ ਬੋਝ ਸਮਝ ਰਹ ਹਨ, ਹਾਲਾਕਿ ਕੁੜੀਆਂ ਅੱਜ ਹਰ ਖੇਤਰ ਵਿਚ ਮੁੰਡਿਆਂ ਨਾਲੋਂ ਅੱਗ ਹਨ। ਸਾਲ 2009 ਅਤੇ 2023 ਵਿੱਚ ਕੋਈ ਵੀ ਬੱਚਾ ਪੰਘੂੜੇ ਵਿੱਚ ਨਹੀਂ ਆਇਆ। ਸਭ ਤੋਂ ਵੱਧ ਬੱਚੇ ਸਾਲ 2015 ਵਿੱਚ 9 ਆਏ, ਜਦਕਿ 2014 ਵਿੱਚ 8 ਬੱਚੇ ਆਏ। 2011 ਅਤੇ 2018 ਵਿੱਚ 7-7 ਬੱਚੇ, ਜਦਕਿ 2016 ਅਤੇ 2017 ਵਿੱਚ 6-6 ਬੱਚੇ ਪੰਘੂੜੇ ਵਿੱਚ ਛੱਡੇ ਗਏ।
ਸਾਲ - ਕੁੱਲ - ਮੁੰਡੇ- ਕੁੜੀਆਂ
2009 — 0 — 0 — 0
2010 — 5 — 4 — 1
2011 — 7 — 6 — 1
2012 — 4 — 3 — 1
2013 — 5 — 3 — 2
2014 — 8 — 6 — 2
2015 — 9 — 9 — 0
2016 — 6 — 5 — 1
2017 — 6 — 5 — 1
2018 — 7 — 6 — 1
2019 — 3 — 3 — 0
2020 — 4 — 4 — 0
2021 — 2 — 2 — 0
2022 — 2 — 1 — 1
2023 — 0 — 0 — 0
2024 — 5 — 5 — 0
2025 — 2 — 0 — 2
ਕੁੱਲ (17 ਸਾਲ): 75 ਬੱਚੇ — 62 ਲੜਕੀਆਂ — 13 ਲੜਕੇ
------
ਪੰਘੂੜੇ ਵਿੱਚ ਆਏ ਬੱਚਿਆਂ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਅਡਾਪਸ਼ਨ ਸੈਂਟਰਾਂ ਵਿੱਚ ਭੇਜਿਆ ਜਾਂਦਾ ਹੈ। ਇੰਨ੍ਹਾਂ ਸੈਂਟਰਾਂ ਯਾਦਵਿੰਦਰ ਪੂਰਨ ਬਾਲ (ਲਾਹੌਰੀ ਗੇਟ, ਪਟਿਆਲਾ), ਸਵਾਮੀ ਗੰਗਾਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਊਂਡੇਸ਼ਨ ਧਾਮ (ਤਲਵੰਡੀ ਖੁਰਦ, ਲੁਧਿਆਣਾ), ਸ੍ਰੀ ਰਾਧਾ ਕ੍ਰਿਸ਼ਨ ਧਾਮ (ਫਰੀਦਕੋਟ), ਸ੍ਰੀ ਅਨੰਤ (ਨਥਾਣਾ, ਬਠਿੰਡਾ) ਅਤੇ ਰੈੱਡ ਕਰਾਸ ਅਡਾਪਸ਼ਨ ਏਜੰਸੀ ਬਠਿੰਡਾ ਵਿਖੇ ਭੇਜਿਆ ਜਾਂਦਾ ਹੈ। ਪਿਛਲੇ ਸਮੇਂ ਦੌਰਾਨ ਬਹੁਤ ਸਾਰੇ ਲੋਕਾਂ ਨੇ ਇੰਨ੍ਹਾਂ ਬੱਚਿਆਂ ਨੂੰ ਗੋਦ ਲਿਆ ਹੈ।