ਘਰ ’ਚ ਖੜ੍ਹੀ ਕਾਰ ਦਾ ਕੱਟਿਆ ਟੋਲ ਟੈਕਸ, ਫਾਸਟੈਗ ਸਿਸਟਮ ’ਤੇ ਉੱਠੇ ਸਵਾਲ
ਘਰ ’ਚ ਖੜੀ ਕਾਰ ਦਾ ਕੱਟਿਆ ਟੋਲ ਟੈਕਸ, ਫਾਸਟੈਗ ਸਿਸਟਮ ’ਤੇ ਉਠੇ ਸਵਾਲ
Publish Date: Thu, 12 Feb 2026 07:16 PM (IST)
Updated Date: Thu, 12 Feb 2026 07:18 PM (IST)

ਮੁਕੇਸ਼ ਸੋਨੀ, ਪੰਜਾਬੀ ਜਾਗਰਣ ਰਾਮਾਂ ਮੰਡੀ : ਰਾਮਾਂ ਮੰਡੀ ਵਿੱਚ ਫਾਸਟੈਗ ਸਿਸਟਮ ਨਾਲ ਜੁੜਿਆ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਪੱਤਰਕਾਰ ਰਜਿੰਦਰ ਕੁਮਾਰ ਬਾਂਸਲ ਦੀ ਨਿੱਜੀ ਕਾਰ, ਜੋ ਪਿਛਲੇ ਤਿੰਨ ਦਿਨਾਂ ਤੋਂ ਘਰ ਦੇ ਗੈਰੇਜ ਵਿੱਚ ਖੜ੍ਹੀ ਸੀ, ਦੇ ਫਾਸਟੈਗ ਖਾਤੇ ਵਿਚੋਂ ਬਿਨਾਂ ਟੋਲ ਪਲਾਜ਼ਾ ਤੋਂ ਲੰਘੇ ਹੀ 60 ਰੁਪਏ ਕੱਟ ਲਏ ਗਏ। ਜਾਣਕਾਰੀ ਅਨੁਸਾਰ ਇਹ ਕਟੌਤੀ 8 ਫਰਵਰੀ ਨੂੰ ਜੋਗੇਵਾਲ ਟੋਲ ਪਲਾਜ਼ਾ ਦੇ ਨਾਮ ’ਤੇ ਕੀਤੀ ਗਈ। ਕਾਰ ਦਾ ਨੰਬਰ ਪੀਬੀ 45 ਏ-7691 ਹੈ ਅਤੇ ਇਸ ’ਤੇ ਐੱਸਬੀਆਈ ਦਾ ਫਾਸਟੈਗ ਲੱਗਿਆ ਹੋਇਆ ਹੈ। ਰਜਿੰਦਰ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਦੀ ਹਿਊਂਡਈ ਵੈਨਿਊ ਕਾਰ ਪਿਛਲੇ ਤਿੰਨ ਦਿਨਾਂ ਤੋਂ ਘਰ ਵਿੱਚ ਹੀ ਖੜ੍ਹੀ ਸੀ ਅਤੇ ਕਿਤੇ ਵੀ ਬਾਹਰ ਨਹੀਂ ਗਈ ਸੀ। ਇਸ ਦੌਰਾਨ ਉਨ੍ਹਾਂ ਦੇ ਮੋਬਾਈਲ ’ਤੇ ਮੈਸੇਜ ਆਇਆ ਕਿ ਜੋਗੇਵਾਲ ਟੋਲ ਪਲਾਜ਼ਾ ’ਤੇ 60 ਰੁਪਏ ਟੋਲ ਟੈਕਸ ਵਜੋਂ ਕੱਟੇ ਗਏ ਹਨ। ਮੈਸੇਜ ਦੇਖ ਕੇ ਉਹ ਹੈਰਾਨ ਰਹਿ ਗਏ। ਉਨ੍ਹਾਂ ਕਿਹਾ ਕਿ ਜਦੋਂ ਕਾਰ ਘਰ ਵਿੱਚ ਖੜੀ ਸੀ ਤਾਂ ਫਿਰ ਟੋਲ ਕਿਵੇਂ ਕੱਟਿਆ ਗਿਆ। ਉਨ੍ਹਾਂ ਇਸ ਮਾਮਲੇ ਨੂੰ ਫਾਸਟੈਗ ਸਿਸਟਮ ਵਿੱਚ ਗੰਭੀਰ ਖਾਮੀ ਜਾਂ ਆਨਲਾਈਨ ਠੱਗੀ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਾਡਾ ਭਾਰਤ ਦੇਸ਼ ਹੈ ਜਿੱਥੇ ਧੱਕਾ ਹੋਣ ’ਤੇ ਕੋਈ ਸੁਣਵਾਈ ਨਹੀਂ ਹੁੰਦੀ, ਉਲਟਾ ਪੀੜਤ ਨੂੰ ਹੀ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਰਜਿੰਦਰ ਬਾਂਸਲ ਨੇ ਇਸ ਸਬੰਧੀ ਬੈਂਕ ਅਤੇ ਸਬੰਧਿਤ ਅਧਿਕਾਰੀਆਂ ਕੋਲ ਸ਼ਿਕਾਇਤ ਦਰਜ ਕਰਵਾਉਣ ਦੀ ਗੱਲ ਕਹੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਮਾਮਲੇ ਦੀ ਜਾਂਚ ਕਰਕੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਦੀ ਕੱਟੀ ਗਈ ਰਕਮ ਵਾਪਸ ਕੀਤੀ ਜਾਵੇ। ਇਸ ਘਟਨਾ ਤੋਂ ਬਾਅਦ ਸ਼ਹਿਰ ਵਾਸੀਆਂ ਵਿੱਚ ਵੀ ਚਿੰਤਾ ਪਾਈ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇ ਘਰ ਵਿੱਚ ਖੜੀ ਗੱਡੀ ਤੋਂ ਵੀ ਟੋਲ ਕੱਟਿਆ ਜਾ ਸਕਦਾ ਹੈ ਤਾਂ ਫਿਰ ਆਮ ਲੋਕ ਕਿਵੇਂ ਭਰੋਸਾ ਕਰਨ। ਫਾਸਟੈਗ ਪ੍ਰਣਾਲੀ ਨੂੰ ਨਕਦ ਰਹਿਤ ਅਤੇ ਸੁਵਿਧਾਜਨਕ ਬਣਾਉਣ ਦੇ ਉਦੇਸ਼ ਨਾਲ ਲਾਗੂ ਕੀਤਾ ਗਿਆ ਸੀ, ਪਰ ਅਜਿਹੀਆਂ ਘਟਨਾਵਾਂ ਇਸ ਦੀ ਪਾਰਦਰਸ਼ਤਾ ’ਤੇ ਸਵਾਲ ਖੜ੍ਹੇ ਕਰ ਰਹੀਆਂ ਹਨ। ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਟੋਲ ਪਲਾਜ਼ਿਆਂ ’ਤੇ ਲੱਗੇ ਕੈਮਰਿਆਂ ਅਤੇ ਵਾਹਨ ਨੰਬਰ ਪਛਾਣ ਪ੍ਰਣਾਲੀ ਦੀ ਜਾਂਚ ਕੀਤੀ ਜਾਵੇ ਤਾਂ ਜੋ ਪਤਾ ਲੱਗ ਸਕੇ ਕਿ ਗਲਤੀ ਕਿੱਥੇ ਹੋਈ। ਕਈ ਵਾਰ ਨੰਬਰ ਪਲੇਟ ਦੀ ਗਲਤ ਪੜਚੋਲ ਜਾਂ ਕਲੋਨ ਨੰਬਰ ਪਲੇਟ ਦੇ ਮਾਮਲੇ ਵੀ ਸਾਹਮਣੇ ਆਉਂਦੇ ਰਹੇ ਹਨ, ਜਿਸ ਨਾਲ ਬੇਗੁਨਾਹ ਵਾਹਨ ਮਾਲਕਾਂ ਨੂੰ ਨੁਕਸਾਨ ਝੱਲਣਾ ਪੈਂਦਾ ਹੈ। ਫਿਲਹਾਲ ਇਸ ਮਾਮਲੇ ਨੇ ਫਾਸਟੈਗ ਪ੍ਰਣਾਲੀ ਦੀ ਭਰੋਸੇਯੋਗਤਾ ’ਤੇ ਇੱਕ ਵਾਰ ਫਿਰ ਚਰਚਾ ਛੇੜ ਦਿੱਤੀ ਹੈ। ਜੇ ਸਮੇਂ ਸਿਰ ਇਸ ਦੀ ਜਾਂਚ ਕਰ ਕੇ ਹੱਲ ਨਾ ਕੀਤਾ ਗਿਆ ਤਾਂ ਲੋਕਾਂ ਦਾ ਭਰੋਸਾ ਡਗਮਗਾ ਸਕਦਾ ਹੈ। ਪ੍ਰਸ਼ਾਸਨ ਅਤੇ ਸਬੰਧਿਤ ਬੈਂਕਾਂ ਲਈ ਇਹ ਜ਼ਰੂਰੀ ਹੈ ਕਿ ਅਜਿਹੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ, ਤਾਂ ਜੋ ਭਵਿੱਖ ਵਿੱਚ ਕਿਸੇ ਹੋਰ ਨਾਗਰਿਕ ਨਾਲ ਅਜਿਹੀ ਘਟਨਾ ਨਾ ਵਾਪਰੇ।