ਸੂਟਕੇਸ ’ਚੋਂ ਮਿਲੀ ਨੌਜਵਾਨ ਕੁੜੀ ਦੀ ਲਾਸ਼ ਦੀ ਹੋਈ ਪਛਾਣ
ਸੂਟਕੇਸ ’ਚੋਂ ਮਿਲੀ ਨੌਜਵਾਨ ਕੁੜੀ ਦੀ ਲਾਸ਼ ਦੀ ਹੋਈ ਪਛਾਣ, ਬਾਘਾ ਪੁਰਾਣਾ ਦੀ ਰਹਿਣ ਵਾਲੀ ਦੱਸੀ ਜਾ ਹੈ ਕੁੜੀ
Publish Date: Thu, 12 Feb 2026 05:54 PM (IST)
Updated Date: Thu, 12 Feb 2026 05:56 PM (IST)

- ਬਾਘਾ ਪੁਰਾਣਾ ਦੀ ਰਹਿਣ ਵਾਲੀ ਦੱਸੀ ਜਾ ਹੈ ਕੁੜੀ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : 11 ਫਰਵਰੀ ਨੂੰ ਜ਼ਿਲ੍ਹਾ ਬਠਿੰਡਾ ਦੇ ਪਿੰਡ ਬਹਿਮਣ ਦੀਵਾਨਾ ਨੇੜੇ ਲਾਲ ਰੰਗ ਦੇ ਸੂਟਕੇਸ ਵਿੱਚੋਂ ਮਿਲੀ ਨੌਜਵਾਨ ਕੁੜੀ ਦੀ ਲਾਸ਼ ਦੀ ਪਛਾਣ ਹੋ ਗਈ ਹੈ। ਮ੍ਰਿਤਕਾ ਮੋਗਾ ਜ਼ਿਲ੍ਹੇ ਦੇ ਬਾਘਾ ਪੁਰਾਣਾ ਦੀ ਰਹਿਣ ਵਾਲੀ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਮਲਿਕਾ ਪਿਛਲੇ ਕਾਫ਼ੀ ਸਮੇਂ ਤੋਂ ਬਠਿੰਡਾ ਵਿੱਚ ਰਹਿ ਰਹੀ ਸੀ। ਪਿਛਲੇ ਕੁੱਝ ਸਮੇਂ ਉਹ ਬਠਿੰਡਾ ਦੇ ਲਾਇਨੋ ਪਾਰ ਖੇਤਰ ਵਿਚ ਰਹਿ ਰਹੀ ਸੀ। ਹਾਲਾਂਕਿ ਇਸ ਮਾਮਲੇ ਵਿੱਚ ਹਾਲੇ ਤਕ ਉਸਦੇ ਪਰਿਵਾਰ ਦਾ ਕੋਈ ਮੈਂਬਰ ਸਾਹਮਣੇ ਨਹੀਂ ਆਇਆ। ਦੱਸਿਆ ਜਾ ਰਿਹਾ ਹੈ ਕਿ ਉਹ ਬਠਿੰਡਾ ਵਿੱਚ ਆਪਣੇ ਕਿਸੇ ਦੋਸਤ ਨਾਲ ਰਹਿੰਦੀ ਸੀ, ਪਰ ਉਹ ਦੋਸਤ ਕੌਣ ਹੈ ਅਤੇ ਕਿੱਥੇ ਰਹਿੰਦਾ ਹੈ, ਇਸ ਬਾਰੇ ਪੁਲਿਸ ਨੂੰ ਅਜੇ ਤਕ ਕੋਈ ਸਪੱਸ਼ਟ ਜਾਣਕਾਰੀ ਪ੍ਰਾਪਤ ਨਹੀਂ ਮਿਲੀ, ਸਿਰਫ਼ ਇਹੀ ਪਤਾ ਲੱਗਾ ਹੈ ਕਿ ਮ੍ਰਿਤਕ ਕੁੜੀ ਬਾਘਾ ਪੁਰਾਣਾ ਨਾਲ ਸਬੰਧਤ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਈ ਪੱਖਾਂ ਤੋਂ ਕੀਤੀ ਜਾ ਰਹੀ ਹੈ। ਘਟਨਾ ਸਥਾਨ ਦੇ ਆਸ-ਪਾਸ ਅਤੇ ਲਾਇਨੋ ਪਾਰ ਖੇਤਰ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਇਹ ਪਤਾ ਲੱਗ ਸਕੇ ਕਿ ਸੂਟਕੇਸ ਨੂੰ ਉੱਥੇ ਕੌਣ ਅਤੇ ਕਦੋਂ ਸੁੱਟ ਕੇ ਗਿਆ। ਪੁਲਿਸ ਲਈ ਇਸ ਵੇਲੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਮਲਿਕਾ ਦੀ ਹੱਤਿਆ ਕਿਸ ਨੇ ਕੀਤੀ ਅਤੇ ਉਸ ਦੇ ਨਾਲ ਰਹਿਣ ਵਾਲਾ ਦੋਸਤ ਕੌਣ ਹੈ। ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕਿਤੇ ਇਹ ਮਾਮਲਾ ਆਪਸੀ ਝਗੜੇ, ਪ੍ਰੇਮ ਸਬੰਧ ਜਾਂ ਕਿਸੇ ਹੋਰ ਰੰਜਿਸ਼ ਨਾਲ ਤਾਂ ਨਹੀਂ ਜੁੜਿਆ ਹੋਇਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹਰ ਸੰਭਾਵਿਤ ਪੱਖ ਨੂੰ ਧਿਆਨ ਵਿੱਚ ਰੱਖਦਿਆਂ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਇਸ ਅੰਨ੍ਹੇ ਕਤਲਕਾਂਡ ਦਾ ਪਰਦਾਫਾਸ਼ ਕਰ ਕੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਗੌਰਤਲਬ ਹੈ ਕਿ 11 ਫਰਵਰੀ ਨੂੰ ਪਿੰਡ ਬਹਿਮਣ ਦੀਵਾਨਾ ਨੇੜੇ ਇਕ ਸੁੰਨੀ ਥਾਂ ’ਤੇ ਲਾਲ ਰੰਗ ਦਾ ਸੂਟਕੇਸ ਮਿਲਿਆ ਸੀ। ਸ਼ੱਕ ਹੋਣ ’ਤੇ ਜਦੋਂ ਪੁਲਿਸ ਨੇ ਸੂਟਕੇਸ ਖੋਲ੍ਹਿਆ ਤਾਂ ਉਸ ਵਿੱਚ ਕਰੀਬ 20 ਸਾਲਾ ਨੌਜਵਾਨ ਕੁੜੀ ਦੀ ਲਾਸ਼ ਮਿਲੀ। ਲਾਸ਼ ਦੀ ਹਾਲਤ ਦੇ ਆਧਾਰ ’ਤੇ ਪਹਿਲੀ ਨਜ਼ਰ ਵਿੱਚ ਇਹ ਅੰਦਾਜ਼ਾ ਲਗਾਇਆ ਗਿਆ ਕਿ ਕੁੜੀ ਦੀ ਹੱਤਿਆ ਕਰ ਕੇ ਉਸ ਦੀ ਲਾਸ਼ ਨੂੰ ਸੂਟਕੇਸ ਵਿੱਚ ਬੰਦ ਕਰ ਕੇ ਇੱਥੇ ਸੁੱਟਿਆ ਗਿਆ ਹੈ। ਮ੍ਰਿਤਕਾ ਦੇ ਸਰੀਰ ’ਤੇ ‘ਕਾਕੂ’ ਨਾਮ ਦਾ ਟੈਟੂ ਬਣਿਆ ਹੋਇਆ ਸੀ, ਜਿਸ ਦੇ ਆਧਾਰ ’ਤੇ ਪਛਾਣ ਵਿੱਚ ਮਦਦ ਮਿਲੀ। ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਫੋਰੈਂਸਿਕ ਟੀਮ ਨੂੰ ਮੌਕੇ ’ਤੇ ਬੁਲਾਇਆ ਗਿਆ ਸੀ। ਟੀਮ ਨੇ ਸਥਾਨ ਤੋਂ ਮਹੱਤਵਪੂਰਨ ਸਬੂਤ ਇਕੱਠੇ ਕੀਤੇ। ਬਾਅਦ ਵਿੱਚ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਬਠਿੰਡਾ ਭੇਜਿਆ ਗਿਆ, ਜਿੱਥੇ ਪੋਸਟਮਾਰਟਮ ਕਰਵਾਇਆ ਗਿਆ ਹੈ ਤਾਂ ਜੋ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਲੱਗ ਸਕੇ। ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਇਹ ਮਾਮਲਾ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਨੇ ਭਰੋਸਾ ਦਿਵਾਇਆ ਹੈ ਕਿ ਜਲਦੀ ਹੀ ਇਸ ਹੱਤਿਆਕਾਂਡ ਦੀ ਗੁੱਥੀ ਸੁਲਝਾ ਲਈ ਜਾਵੇਗੀ।