ਟ੍ਰੇਡ ਯੂਨੀਅਨਾਂ ਦੇ ਸੱਦੇ ’ਤੇ ਬਿਜਲੀ ਗਰਿੱਡ ਅੱਗੇ ਕਿਸਾਨਾਂ ਦਾ ਰੋਸ ਪ੍ਰਦਰਸ਼ਨ
ਟ੍ਰੇਡ ਯੂਨੀਅਨਾਂ ਦੇ ਸੱਦੇ ’ਤੇ ਭਾਈ ਰੂਪਾ ਬਿਜਲੀ ਗਰਿੱਡ ਅੱਗੇ ਕਿਸਾਨਾਂ ਦਾ ਰੋਸ ਪ੍ਰਦਰਸ਼ਨ
Publish Date: Thu, 12 Feb 2026 05:49 PM (IST)
Updated Date: Thu, 12 Feb 2026 05:50 PM (IST)
ਸੰਜੀਵ ਸਿੰਗਲਾ, ਪੰਜਾਬੀ ਜਾਗਰਣ
ਭਾਈ ਰੂਪਾ : ਟ੍ਰੇਡ ਯੂਨੀਅਨਾਂ ਦੇ ਸੱਦੇ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਐਲਾਨ ਤਹਿਤ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਲਾਕ ਫੂਲ ਵੱਲੋਂ ਪਿੰਡ ਭਾਈ ਰੂਪਾ ਵਿਖੇ ਬਿਜਲੀ ਗਰਿੱਡ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੀ ਅਗਵਾਈ ਕਰਦਿਆਂ ਬਲਾਕ ਪ੍ਰਧਾਨ ਗੱਗੀ ਧਾਲੀਵਾਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਵਿਸ਼ਵ ਮੁਕਤ ਵਪਾਰ ਸਮਝੌਤਾ ਕਰ ਕੇ ਦੇਸ਼ ਦੇ ਹਿੱਤਾਂ ਨਾਲ ਸਮਝੌਤਾ ਕੀਤਾ ਗਿਆ ਹੈ। ਇਸ ਦੇ ਵਿਰੋਧ ਵਜੋਂ ਮੋਦੀ ਸਰਕਾਰ ਅਤੇ ਟਰੰਪ ਸਰਕਾਰ ਦੇ ਪੁਤਲੇ ਸਾੜੇ ਗਏ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਰਾਸ਼ਟਰੀ ਬਿੱਲ ਸਮਝੌਤਾ ਪਾਸ ਕੀਤਾ ਗਿਆ ਤਾਂ ਖੇਤੀ ਸੈਕਟਰ ਅਤੇ ਕਿਸਾਨੀ ਸਹਾਇਕ ਧੰਦਾ ਦੁੱਧ ਡਾਇਰੀ ਸੈਕਟਰ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦੇਵੇਗਾ। ਆਗੂਆਂ ਨੇ ਐਲਾਨ ਕੀਤਾ ਕਿ 12 ਫਰਵਰੀ ਨੂੰ ਟ੍ਰੇਡ ਯੂਨੀਅਨਾਂ ਨੂੰ ਸਮਰਥਨ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਬਿਜਲੀ ਸੋਧ ਬਿੱਲ, ਬੀਜ ਬਿੱਲ, ਲੇਬਰ ਕੋਡ, ਜੀਐੱਮ ਯੋਜਨਾਵਾਂ ਅਤੇ ਹੜ੍ਹਾਂ ਨਾਲ ਹੋਏ ਨੁਕਸਾਨ ਦੇ ਮੁਆਵਜ਼ੇ ਸਬੰਧੀ ਮੰਗਾਂ ਨੂੰ ਲੈ ਕੇ 22 ਫਰਵਰੀ ਨੂੰ ਆਪ ਅਤੇ ਭਾਜਪਾ ਦੇ ਐੱਮਐੱਲਏ ਅਤੇ ਐੱਮਪੀ ਦੀਆਂ ਕੋਠੀਆਂ ਅੱਗੇ ਸਵੇਰੇ 11 ਤੋਂ ਦੁਪਹਿਰ 3 ਵਜੇ ਤਕ ਧਰਨੇ ਦਿੱਤੇ ਜਾਣਗੇ। ਬਲਾਕ ਪ੍ਰਧਾਨ ਅਮਨਦੀਪ ਸਿੰਘ ਗੱਗੀ ਨੇ ਦੱਸਿਆ ਕਿ 24 ਤਾਰੀਖ ਨੂੰ ਆਲ ਇੰਡੀਆ ਸੰਯੁਕਤ ਕਿਸਾਨ ਮੋਰਚੇ ਦੀ ਮਹੱਤਵਪੂਰਨ ਮੀਟਿੰਗ ਹੋਵੇਗੀ, ਜਿਸ ਵਿਚ ਅਗਲੇ ਸੰਘਰਸ਼ ਸਬੰਧੀ ਵੱਡੇ ਫੈਸਲੇ ਕੀਤੇ ਜਾਣਗੇ। ਇਸ ਮੌਕੇ ਬਲਾਕ ਪ੍ਰਧਾਨ ਅਮਨਦੀਪ ਸਿੰਘ ਗੱਗੀ ਪ੍ਰੈੱਸ ਸਕੱਤਰ ਕੇਵਲ ਸ਼ਰਮਾ ਕਾਂਗੜ ਸਹਾਇਕ ਸਕੱਤਰ ਸਵਰਨ ਸਿੰਘ ਭਾਈਰੂਪਾ, ਸੀਨੀਅਰ ਮੀਤ ਪ੍ਰਧਾਨ ਬਿੱਕਰ ਸਿੰਘ ਘੰਡਾਬੰਨਾ, ਜ਼ਿਲ੍ਹਾ ਜਨਰਲ ਸਕੱਤਰ ਕਰਮ ਸਿੰਘ ਭਾਈਰੂਪਾ, ਇਕਾਈ ਪ੍ਰਧਾਨ ਜਰਨੈਲ ਸਿੰਘ ਕਾਂਗੜ, ਜਸਵਿੰਦਰ ਸਿੰਘ ਦਿਆਲਪੁਰਾ ਭਾਈਕਾ, ਜੋਗਿੰਦਰ ਸਿੰਘ ਘੰਡਾਬੰਨਾ, ਰਾਜੂ ਫੂਲੇਵਾਲਾ, ਮੀਤਾ ਸਿੰਘ, ਜੱਗੂ ਭਾਈਰੂਪਾ, ਗੁਹਜੰਟ ਸਿੰਘ ਢਿਪਾਲੀ, ਪੁਸ਼ਪਿੰਦਰ ਸਿੰਘ ਆਦਮਪੁਰਾ, ਚਮਕੌਰ ਸਿੰਘ ਸੇਲਬਰਾਹ, ਇੰਮਪਲਾਈ ਸੰਘਰਸ਼ ਯੂਨੀਅਨ, ਟੀਐੱਸਯੂ, ਪੀਐੱਸਈਬੀ ਇੰਪਲਾਈ ਫੈੱਡਰੇਸ਼ਨ, ਮੁਲਾਜ਼ਮ ਯੂਨਾਈਟਡ ਆਰਗੇਨਾਈਜੇਸ਼ਨ, ਭੋਲਾ ਸਿੰਘ ਬੁਰਜ ਗਿੱਲ਼ ਆਦਿ ਹਾਜ਼ਰ ਸਨ।