ਜ਼ਿਲ੍ਹੇ ਅੰਦਰ ਵੱਖ-ਵੱਖ ਪਾਬੰਦੀਆਂ ਜਾਰੀ
ਜ਼ਿਲ੍ਹੇ ਅੰਦਰ ਵੱਖ-ਵੱਖ ਪਾਬੰਦੀਆਂ ਜਾਰੀ
Publish Date: Thu, 12 Feb 2026 05:25 PM (IST)
Updated Date: Thu, 12 Feb 2026 05:27 PM (IST)

- ਹੁਕਮ ਰਹਿਣਗੇ 9 ਅਪ੍ਰੈਲ 2026 ਤਕ ਲਾਗੂ ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹਾ ਮੈਜਿਸਟ੍ਰੇਟ ਰਾਜੇਸ਼ ਧੀਮਾਨ ਨੇ ਭਾਰਤੀ ਨਾਗਰਿਕ ਸੁਰਖਿਆ ਸੰਹਿਤਾ ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤੇ ਹਨ। ਹੁਕਮ ਅਨੁਸਾਰ ਜ਼ਿਲ੍ਹੇ ਦੀ ਹਦੂਦ ਅੰਦਰ ਟਰੈਕਟਰ ਤੇ ਸਬੰਧਤ ਸੰਦਾਂ ਆਦਿ ਦੇ ਖਤਰਨਾਕ ਪ੍ਰਦਰਸ਼ਨ/ਸਟੰਟ ਕਰਨ ਨੂੰ ਆਯੋਜਿਤ ਕਰਨ ’ਤੇ ਪੂਰਨ ਰੋਕ ਲਗਾਈ ਗਈ ਹੈ। ਇਸੇ ਤਰ੍ਹਾਂ ਜ਼ਿਲ੍ਹਾ ਮੈਜਿਸਟ੍ਰੇਟ ਨੇ ਜਾਰੀ ਹੋਰ ਹੁਕਮਾਂ ਮੁਤਾਬਿਕ ਜ਼ਿਲ੍ਹੇ ’ਚ ਵਿਆਹਾਂ, ਸ਼ਾਦੀਆਂ ਅਤੇ ਹੋਰ ਸਮਾਗਮਾਂ ਆਦਿ ’ਤੇ ਪਟਾਕੇ, ਆਤਿਸ਼ਬਾਜ਼ੀ ਚਲਾਉਣ ਤੇ ਆਰਮ ਫਾਇਰ ਦੀ ਵਰਤੋਂ ਕਰਨ ਉੱਪਰ ਮੁਕੰਮਲ ਪਾਬੰਦੀ ਲਗਾਈ ਗਈ ਹੈ। ਜ਼ਿਲ੍ਹਾ ਮੈਜਿਸਟ੍ਰੇਟ ਨੇ ਜ਼ਿਲ੍ਹੇ ’ਚ ਮੌਜੂਦ ਹਵਾਈ ਅੱਡੇ ਦੇ ਘੇਰੇ ਤੋਂ ਦੋ ਕਿਲੋਮੀਟਰ ਅੰਦਰ ਲਾਲਟੇਨ ਪਤੰਗਾਂ, ਇੱਛਾ ਪਤੰਗਾਂ ਆਦਿ ਦੀ ਵਰਤੋਂ ’ਤੇ ਪੂਰਨ ਪਾਬੰਦੀ ਲਗਾਉਣ ਦਾ ਹੁਕਮ ਜਾਰੀ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰੀ ਹਵਾਬਾਜ਼ੀ ਮੰਤਰਾਲਾ, ਭਾਰਤ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਲਾਲਟੇਨ ਪਤੰਗਾਂ, ਇੱਛਾ ਪਤੰਗਾਂ ਦੀ ਵਰਤੋਂ ਹਵਾਈ ਜਹਾਜ਼ਾਂ ਦੇ ਉਤਰਨ ਅਤੇ ਚੜਨ ਸਮੇਂ ਦੌਰਾਨ ਕੰਮਕਾਜ ਅਤੇ ਸੁਰੱਖਿਆ ਲਈ ਖਤਰਾ ਪੈਦਾ ਕਰਦੀਆਂ ਹਨ। ਇਕ ਹੋਰ ਹੁਕਮ ਰਾਹੀਂ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਗੁਰੂ ਗੋਬਿੰਦ ਸਿੰਘ ਰਿਫਾਇਨਰੀ ਰਾਮਾਂ, ਨੈਸ਼ਨਲ ਫਰਟੀਲਾਈਜ਼ਰ ਲਿਮਟਿਡ ਬਠਿੰਡਾ, ਆਈਓ, ਬੀਪੀਸੀਐੱਲ, ਐੱਚਪੀਸੀਐੱਲ, ਬਲਾਕ ਪੀਓਐੱਲ ਟਰਮਿਨਲ, ਫੂਸ ਮੰਡੀ ਮਾਨਸਾ ਰੋਡ ਬਠਿੰਡਾ, 2-ਜੀ ਬਾਇਓ ਇਥਾਨੌਲ ਪਲਾਂਟ, ਅੰਬੂਜਾ ਸੀਮਿੰਟ ਪਲਾਂਟ, ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ, ਸਿਵਲ ਏਅਰਪੋਰਟ ਵਿਰਕ ਕਲਾਂ, ਏਅਰਫੋਰਸ ਭਿਸੀਆਣਾ, ਗੇਲ ਦਿਆਲਪੁਰਾ, ਆਰਟੀ ਬਠਿੰਡਾ, ਐੱਸਵੀ ਗਹਿਰੀ ਬੁੱਟਰ ਦੇ ਆਸ-ਪਾਸ ਦੇ ਏਰੀਏ ਵਿਚ ਡਰੋਨ ਉਡਾਉਣ ਤੇ ਪੂਰਨ ਪਾਬੰਦੀ ਲਗਾਈ ਜਾਂਦੀ ਹੈ। ਜਾਰੀ ਹੁਕਮ ਅਨੁਸਾਰ ਜ਼ਿਲ੍ਹਾ ਬਠਿੰਡਾ ਦੀ ਹਦੂਦ ਅੰਦਰ ਨਾਇਲੋਨ, ਪਲਾਸਟਿਕ ਜਾਂ ਸਿੰਥੈਟਿਕ ਮਟੀਰੀਅਲ ਤੋਂ ਬਣੇ ਪਤੰਗ ਉਡਾਉਣ ਵਾਲੇ ਧਾਗੇ (ਚਾਈਨਾ ਡੋਰ) ਨੂੰ ਬਣਾਉਣ, ਵੇਚਣ, ਸਟੋਰ ਕਰਨ, ਖਰੀਦਣ, ਸਪਲਾਈ ਕਰਨ, ਆਯਾਤ ਕਰਨ ਅਤੇ ਵਰਤੋਂ ਕਰਨ ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਇਕ ਹੋਰ ਹੁਕਮ ਰਾਹੀਂ ਜ਼ਿਲ੍ਹੇ ਅੰਦਰ ਹਰ ਪੀਜੀ ਮਾਲਕ ਨੂੰ ਪੀਜੀ ਵਿੱਚ ਰਹਿਣ ਵਾਲੇ ਸਟੂਡੈਂਟ/ਕਿਰਾਏਦਾਰਾਂ ਦੀ ਰਜਿਸਟ੍ਰੇਸ਼ਨ/ਵੈਰੀਫ਼ਿਕੇਸ਼ਨ ਸਬੰਧਤ ਥਾਣੇ/ਪੁਲਿਸ ਸਾਂਝ ਕੇਂਦਰ ਵਿੱਚ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ। ਜਾਰੀ ਹੁਕਮ ਅਨੁਸਾਰ ਜ਼ਿਲ੍ਹੇ ਦੀ ਹਦੂਦ ਅੰਦਰ ਅਣ-ਅਧਿਕਾਰਤ ਸੀਮਨ ਦਾ ਭੰਡਾਰ ਕਰਨ, ਟਰਾਂਸਪਰਟੇਸ਼ਨ ਕਰਨ, ਵਰਤਣ ਜਾਂ ਵੇਚਣ ’ਤੇ ਪਾਬੰਦੀ ਲਗਾਈ ਜਾਂਦੀ ਹੈ। ਜ਼ਿਲ੍ਹਾ ਮੈਜਿਸਟ੍ਰੇਟ ਨੇ ਜਾਰੀ ਹੁਕਮ ਮੁਤਾਬਿਕ ਪੁਰਾਣੀ ਤਹਿਸੀਲ ਕੰਪਲੈਕਸ ਬਠਿੰਡਾ ਵਿਖੇ ਸਰਕਾਰੀ ਜਗ੍ਹਾ ਤੇ ਗੈਰ ਕਾਨੂੰਨੀ ਢੰਗ ਨਾਲ ਬਣਾਏ ਜਾ ਰਹੇ ਦੁਕਾਨਾਂ/ਬੂਥ/ਚੈਂਬਰ ਆਦਿ ਦੀ ਉਸਾਰੀ ਕਰਨ ’ਤੇ ਰੋਕ ਲਗਾਈ ਗਈ ਹੈ। ਇਹ ਹੁਕਮ ਸਰਕਾਰੀ ਜਗ੍ਹਾ ਵਿੱਚ ਸਰਕਾਰੀ ਇਮਾਰਤ ਬਣਾਉਣ ’ਤੇ ਲਾਗੂ ਨਹੀਂ ਹੋਵੇਗਾ। ਇਕ ਹੋਰ ਹੁਕਮ ਰਾਹੀਂ ਬਠਿੰਡਾ ਸ਼ਹਿਰ ਅੰਦਰ ਟ੍ਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਹੈਵੀ ਕਮਰਸ਼ੀਅਲ ਵ੍ਹੀਕਲਾਂ (ਟਰੱਕ, ਟਰਾਲੇ, ਤੇਲ ਵਾਲੀਆਂ ਗੱਡੀਆਂ ਆਦਿ) ਦੀ ਸਵੇਰੇ 7 ਤੋਂ ਰਾਤ 8 ਵਜੇ ਤਕ ਸ਼ਹਿਰ ਅੰਦਰ ਦਾਖ਼ਲ ਹੋਣ ’ਤੇ ਪਾਬੰਦੀ ਲਾਈ ਗਈ ਹੈ। ਹੁਕਮ 9 ਅਪ੍ਰੈਲ 2026 ਤਕ ਲਾਗੂ ਰਹਿਣਗੇ।