ਮਾਂ ਦਾ ਦੁੱਧ ਬੱਚੇ ਦੇ ਸਰਵਪੱਖੀ ਵਿਕਾਸ ਲਈ ਸਭ ਤੋਂ ਵਧੀਆ ਪੋਸ਼ਣ ਸਰੋਤ : ਡਾ. ਤਪਿੰਦਰਜੋਤ
ਮਾਂ ਦਾ ਦੁੱਧ ਬੱਚੇ ਦੇ ਸਰਵਪੱਖੀ ਵਿਕਾਸ ਲਈ ਸਭ ਤੋਂ ਵਧੀਆ ਪੋਸ਼ਣ ਸਰੋਤ : ਡਾ. ਤਪਿੰਦਰਜੋਤ
Publish Date: Thu, 12 Feb 2026 04:53 PM (IST)
Updated Date: Thu, 12 Feb 2026 04:56 PM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਿਹਤ ਵਿਭਾਗ ਵੱਲੋਂ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤਹਿਤ ਫੀਲਡ ਸਟਾਫ਼ ਘਰ-ਘਰ ਜਾ ਕੇ ਗਰਭਵਤੀ ਔਰਤਾਂ, ਦੁੱਧ ਚੁੰਘਾਉਣ ਵਾਲੀਆਂ ਮਾਵਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਣਕਾਰੀ ਦੇ ਰਿਹਾ ਹੈ। ਡਾ. ਤਪਿੰਦਰਜੋਤ ਨੇ ਦੱਸਿਆ ਕਿ ਮਾਂ ਦਾ ਦੁੱਧ ਬੱਚੇ ਦੇ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਵਿਕਾਸ ਲਈ ਸਭ ਤੋਂ ਉੱਤਮ ਅਤੇ ਕੁਦਰਤੀ ਪੋਸ਼ਣ ਹੈ। ਇਸ ਵਿੱਚ ਮੌਜੂਦ ਜ਼ਰੂਰੀ ਤੱਤ ਬੱਚੇ ਦੀ ਰੋਗ-ਪ੍ਰਤੀਰੋਧਕ ਸ਼ਕਤੀ ਵਧਾਉਂਦੇ ਹਨ ਅਤੇ ਨਿਮੋਨੀਆ, ਦਸਤ ਵਰਗੀਆਂ ਬਿਮਾਰੀਆਂ ਤੋਂ ਬਚਾਉਂਦੇ ਹਨ। ਉਨ੍ਹਾਂ ਕਿਹਾ ਕਿ ਜਨਮ ਤੋਂ ਪਹਿਲੇ ਅੱਧੇ ਘੰਟੇ ਅੰਦਰ ਮਾਂ ਦਾ ਦੁੱਧ ਪਿਲਾਉਣਾ ਬਹੁਤ ਜ਼ਰੂਰੀ ਹੈ, ਜਿਸ ਨਾਲ ਨਵਜੰਮੇ ਬੱਚਿਆਂ ਦੀ ਮੌਤ ਦਰ ਵਿੱਚ ਲਗਭਗ 20 ਫ਼ੀਸਦੀ ਤਕ ਕਮੀ ਆ ਸਕਦੀ ਹੈ। ਪਹਿਲਾ ਗਾੜ੍ਹਾ ਦੁੱਧ (ਕੋਲੋਸਟ੍ਰਮ) ਬੱਚੇ ਲਈ ਅੰਮ੍ਰਿਤ ਸਮਾਨ ਹੈ ਅਤੇ ਇਹ ਜ਼ਰੂਰ ਪਿਲਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਸਲਾਹ ਦਿੱਤੀ ਕਿ ਬੱਚੇ ਨੂੰ ਪਹਿਲੇ ਛੇ ਮਹੀਨੇ ਤਕ ਸਿਰਫ਼ ਮਾਂ ਦਾ ਦੁੱਧ ਹੀ ਦਿੱਤਾ ਜਾਵੇ ਅਤੇ ਇਸ ਦੌਰਾਨ ਪਾਣੀ ਜਾਂ ਹੋਰ ਕੋਈ ਚੀਜ਼ ਨਾ ਦਿੱਤੀ ਜਾਵੇ। ਛੇ ਮਹੀਨੇ ਬਾਅਦ ਪੂਰਕ ਆਹਾਰ ਸ਼ੁਰੂ ਕਰਦੇ ਹੋਏ ਘੱਟੋ-ਘੱਟ ਦੋ ਸਾਲ ਤਕ ਮਾਂ ਦਾ ਦੁੱਧ ਜਾਰੀ ਰੱਖਣਾ ਚਾਹੀਦਾ ਹੈ। ਜਨਮ ਉਪਰੰਤ ਮਾਂ ਦੇ ਦੁੱਧ ਤੋਂ ਪਹਿਲਾਂ ਕੋਈ ਹੋਰ ਚੀਜ਼ ਨਾ ਦਿੱਤੀ ਜਾਵੇ ਅਤੇ ਗੁੜਤੀ ਵੀ ਮਾਂ ਦੇ ਦੁੱਧ ਦੀ ਹੀ ਦਿੱਤੀ ਜਾਵੇ। ਬੱਚਿਆਂ ਨੂੰ ਚੁੰਘਣੀ ਦੇਣ ਤੋਂ ਵੀ ਪ੍ਰਹੇਜ਼ ਕੀਤਾ ਜਾਵੇ। ਡਾ. ਤਪਿੰਦਰਜੋਤ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਦੀ ਸਿਹਤ ਲਈ ਮਾਂ ਦੇ ਦੁੱਧ ਨੂੰ ਪ੍ਰਾਥਮਿਕਤਾ ਦੇਣ।