ਭਾਈ ਭਗਤਾ ਦੀ ਯਾਦ ’ਚ 23ਵਾਂ ਜੋੜ ਮੇਲਾ 18 ਤੋਂ ਸ਼ੁਰੂ
ਭਾਈ ਭਗਤਾ ਦੀ ਯਾਦ 'ਚ 23ਵਾਂ ਜੋੜ ਮੇਲਾ 18 ਤੋਂ ਸ਼ੁਰੂ
Publish Date: Thu, 12 Feb 2026 04:40 PM (IST)
Updated Date: Thu, 12 Feb 2026 04:41 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ
ਭਗਤਾ ਭਾਈਕਾ : ਸਥਾਨਕ ਨਗਰ ਬਾਨੀ ਅਤੇ ਭਾਈ ਬਹਿਲੋ ਜੀ ਦੇ ਪੋਤਰੇ ਭਾਈ ਭਗਤਾ ਜੀ ਦੀ ਯਾਦ ਵਿਚ 23ਵੇਂ ਸਾਲਾਨਾ ਜੋੜ ਮੇਲੇ ਸਬੰਧੀ ਸ੍ਰੀ ਅਖੰਡ ਪਾਠ ਜੀ ਦੇ ਪ੍ਰਕਾਸ਼ 18 ਫਰਵਰੀ ਹੋਣਗੇ ਅਤੇ ਉਨ੍ਹਾਂ ਦੇ ਭੋਗ 20 ਫਰਵਰੀ ਨੂੰ ਭੂਤਾਂ ਵਾਲਾ ਖੂਹ, ਭਗਤਾ ਭਾਈਕਾ ਵਿਖੇ ਪਾਏ ਜਾਣਗੇ। ਇਸ ਦੌਰਾਨ ਇਕ ਜੋੜ ਮੇਲਾ ਵੀ ਸਜਾਇਆ ਜਾਵੇਗਾ। ਇਨ੍ਹਾਂ ਪ੍ਰੋਗਰਾਮਾਂ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ 18 ਫਰਵਰੀ ਨੂੰ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਦੌਰਾਨ ਨਾਟਕ ਲੋਕ ਕਲਾ ਮੰਚ ਮੁੱਲਾਂਪੁਰ ਵੱਲੋਂ ਲੋਕ ਨਾਟਕ ਖੇਡੇ ਜਾਣਗੇ ਅਤੇ 19 ਫਰਵਰੀ ਨੂੰ ਕਵੀਸ਼ਰੀ ਜਥਾ ਮਾਛੀਵਾੜਾ ਸਾਹਿਬ ਵਾਲੇ ਅਤੇ ਭਾਈ ਜਸਪਾਲ ਸਿੰਘ ਜੰਗੀਆਣਾ ਵਾਲਿਆਂ ਵੱਲੋਂ ਸੰਗਤਾਂ ਨੂੰ ਇਤਿਹਾਸ ਨਾਲ ਜੋੜਿਆ ਜਾਵੇਗਾ। ਇਸ ਮੌਕੇ ਭਾਈ ਬਹਿਲੋ ਗੱਤਕਾ ਜੱਥਾ ਆਪਣੀ ਕਲਾ ਦੇ ਜੌਹਰ ਵਿਖਾਏਗਾ। 20 ਫਰਵਰੀ ਨੂੰ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਅਤੇ ਦਸਵੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਇਸ ਮੌਕੇ ਗੁਰਦੁਆਰਾ ਸਾਹਿਬ ਦਾ ਕੀਰਤਨੀ ਜਥਾ ਅਤੇ ਭਾਈ ਪਲਵਿੰਦਰ ਸਿੰਘ ਕੋਠਾ ਗੁਰੂ ਸੰਗਤਾਂ ਨੂੰ ਕੀਰਤਨ ਰਾਹੀਂ ਗੁਰਬਾਣੀ ਨਾਲ ਜੋੜਨਗੇ। ਇਸ ਮੌਕੇ ਉੱਘੇ ਢਾਡੀ ਬਲਵਿੰਦਰ ਸਿੰਘ ਭਗਤਾ ਆਪਣੇ ਜੱਥੇ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਇਕ ਵਿਸ਼ਾਲ ਖ਼ੂਨਦਾਨ ਕੈਂਪ ਵੀ ਲਗਾਇਆ ਜਾਵੇਗਾ। ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਪ੍ਰਬੰਧਕਾਂ ਵੱਲੋਂ ਸੰਗਤਾਂ ਨੂੰ ਵੱਧ ਤੋਂ ਵੱਧ ਇਨ੍ਹਾਂ ਸਮਾਗਮਾਂ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ।