ਸੀਐੱਚਓ., ਏਐੱਨਐੱਮ ਤੇ ਬੀਐੱਸਏ ਲਈ ਟ੍ਰੇਨਿੰਗ ਸੈਸ਼ਨ ਲਾਇਆ
ਸੀਐਚਓ., ਏਐਨਐਮ ਅਤੇ ਬੀਐਸਏ ਲਈ ਟ੍ਰੇਨਿੰਗ ਸੈਸ਼ਨ ਲਾਇਆ
Publish Date: Thu, 12 Feb 2026 04:33 PM (IST)
Updated Date: Thu, 12 Feb 2026 04:35 PM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਿਵਲ ਸਰਜਨ ਡਾ. ਤਪਿੰਦਰਜੋਤ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਸੁਖਜਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਸੀਐੱਚਓ, ਏਐੱਨਐੱਮ ਅਤੇ ਬੀਐੱਸਏ ਲਈ ਵਿਸ਼ੇਸ਼ ਟ੍ਰੇਨਿੰਗ ਸੈਸ਼ਨ ਲਾਇਆ ਗਿਆ। ਟ੍ਰੇਨਿੰਗ ਦੌਰਾਨ ਗੈਰ-ਸੰਚਾਰੀ ਬਿਮਾਰੀਆਂ ਅਤੇ ਗਰਭ ਅਵਸਥਾ ਦੌਰਾਨ ਮਾਂ ਦੀ ਮੌਤ ਦਰ ਘਟਾਉਣ ਲਈ ਕੀਤੇ ਜਾਣ ਵਾਲੇ ਉਪਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਡਾ. ਤਪਿੰਦਰਜੋਤ ਨੇ ਕਿਹਾ ਕਿ ਗਰਭਵਤੀ ਔਰਤਾਂ ਦੀ ਸਮੇਂ-ਸਿਰ ਰਜਿਸਟ੍ਰੇਸ਼ਨ, ਨਿਯਮਿਤ ਜਾਂਚ, ਸੰਸਥਾਗਤ ਡਲਿਵਰੀ ਅਤੇ ਪੋਸ਼ਣ ਸਲਾਹ ਮਾਤਾ ਮੌਤ ਦਰ ਘਟਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਦੱਸਿਆ ਕਿ ਗੈਰ-ਸੰਚਾਰੀ ਬਿਮਾਰੀਆਂ ਜਿਵੇਂ ਸ਼ੂਗਰ, ਬਲੱਡ ਪ੍ਰੈਸ਼ਰ, ਦਿਲ ਦੀਆਂ ਬਿਮਾਰੀਆਂ, ਸਟ੍ਰੋਕ ਅਤੇ ਕੈਂਸਰ ਕਾਰਨ ਲਗਭਗ 60 ਫ਼ੀਸਦੀ ਮੌਤਾਂ ਹੋ ਰਹੀਆਂ ਹਨ। ਇਨ੍ਹਾਂ ਦੀ ਸਮੇਂ-ਸਿਰ ਸਕ੍ਰੀਨਿੰਗ ਅਤੇ ਇਲਾਜ ਬਹੁਤ ਜ਼ਰੂਰੀ ਹੈ। ਸਿਹਤ ਕਰਮਚਾਰੀਆਂ ਨੂੰ ਇਸ ਲਈ ਖਾਸ ਤਰ੍ਹਾਂ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤਾਂ ਜੋ ਪਿੰਡ ਪੱਧਰ ’ਤੇ ਮਰੀਜ਼ਾਂ ਦੀ ਪਛਾਣ ਅਤੇ ਰੈਫਰਲ ਪ੍ਰਕਿਰਿਆ ਸੁਚਾਰੂ ਢੰਗ ਨਾਲ ਹੋ ਸਕੇ। ਡਾ. ਸੁਖਜਿੰਦਰ ਸਿੰਘ ਗਿੱਲ ਨੇ ਪਰਿਵਾਰ ਨਿਯੋਜਨ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਸਰਕਾਰ ਵੱਲੋਂ ਨਸਬੰਦੀ, ਕਾਪਰ-ਟੀ ਅਤੇ ਕਨਡੋਮ ਵਰਗੀਆਂ ਮੁਫ਼ਤ ਸਹੂਲਤਾਂ ਉਪਲਬਧ ਹਨ। ਉਨ੍ਹਾਂ ਦੱਸਿਆ ਕਿ ਬੀਪੀ ਅਤੇ ਸ਼ੂਗਰ ਦੀਆਂ ਦਵਾਈਆਂ ਨੇੜਲੇ ਅਰੋਗਿਆ ਕੇਂਦਰਾਂ ਤੋਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ। ਕੈਂਸਰ ਮਰੀਜ਼ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਤਹਿਤ ਡੇਢ ਲੱਖ ਰੁਪਏ ਤਕ ਦਾ ਮੁਫ਼ਤ ਇਲਾਜ ਕਰਵਾ ਸਕਦੇ ਹਨ। ਇਸ ਮੌਕੇ ਬੀਈਈ ਹਰਜਿੰਦਰ ਕੌਰ ਅਤੇ ਐੱਮਈਓ ਸਰਿਤਾ ਬਾਂਸਲ ਆਦਿ ਹਾਜ਼ਰ ਸਨ।