- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਮਪੁਰਾ ਫੂਲ ਵਿਚ ਆਪ ਪਾਰਟੀ ਦੀ ਧੜੇਬੰਦੀ ਹੋਈ ਜੱਗ ਜਾਹਰ

-‘ਆਪ’ ਦੇ ਸਾਬਕਾ ਮੀਤ ਪ੍ਰਧਾਨ ਤੇ ਕੌਂਸਲਰਾਂ ਵੱਲੋਂ ਸ਼ਹਿਰ ਪ੍ਰਸ਼ਾਸਨ ’ਤੇ ਤਿੱਖੇ ਹਮਲੇ
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਸ਼ਹਿਰ ਦੀ ਸਥਾਨਕ ਸਿਆਸਤ ਇਕ ਵਾਰ ਫਿਰ ਚਰਚਾ ਦਾ ਕੇਂਦਰ ਬਣ ਗਈ ਹੈ। ‘ਆਪ’ ਦੇ ਆਗੂ ਤੇ ਨਗਰ ਕੌਂਸਲ ਰਾਮਪੁਰਾ ਫੂਲ ਦੇ ਸਾਬਕਾ ਮੀਤ ਪ੍ਰਧਾਨ ਰਵਿੰਦਰ ਸਿੰਘ ਨਿੱਕਾ ਵੱਲੋਂ ਨਗਰ ਕੌਂਸਲ ਦੇ ਕੰਮ-ਕਾਜ ਤੇ ਪ੍ਰਸ਼ਾਸਕੀ ਰਵੱਈਏ ’ਤੇ ਗੰਭੀਰ ਸਵਾਲ ਉਠਾਏ ਗਏ ਹਨ। ਉਨ੍ਹਾਂ ਸੋਸ਼ਲ ਮੀਡੀਆ ਰਾਹੀਂ ਖੁੱਲ੍ਹ ਕੇ ਦੋਸ਼ ਲਾਇਆ ਕਿ ਗਾਂਧੀ ਨਗਰ ਇਲਾਕੇ ਦੇ ਲੋਕ ਲੰਬੇ ਸਮੇਂ ਤੋਂ ਪਾਣੀ ਦੀ ਕਮੀ ਨਾਲ ਜੂਝ ਰਹੇ ਹਨ, ਪਰ ਇਸ ਸਬੰਧੀ ਕਈ ਵਾਰ ਮੰਗ ਕਰਨ ਦੇ ਬਾਵਜੂਦ ਨਗਰ ਕੌਂਸਲ ਵੱਲੋਂ ਕੋਈ ਢੰਗ ਦੀ ਕਾਰਵਾਈ ਨਹੀਂ ਕੀਤੀ। ਰਵਿੰਦਰ ਸਿੰਘ ਨਿੱਕਾ ਨੇ ਕਿਹਾ ਕਿ ਪਾਣੀ ਦੀ ਸਮੱਸਿਆ ਸਿਰਫ਼ ਇਕ ਗਲੀ ਜਾਂ ਇਕ ਵਾਰਡ ਤਕ ਸੀਮਤ ਨਹੀਂ, ਸਗੋਂ ਘੱਟੋ-ਘੱਟ ਚਾਰ ਵਾਰਡ ਇਸ ਸੰਕਟ ਨਾਲ ਪ੍ਰਭਾਵਿਤ ਹਨ। ਇਲਾਕਾ ਵਾਸੀਆਂ ਵੱਲੋਂ ਵਾਰ-ਵਾਰ ਸ਼ਿਕਾਇਤਾਂ ਕੀਤੀਆਂ ਹਨ ਤੇ ਕਈ ਵਾਰ ਖੁਦ ਉਨ੍ਹਾਂ ਨੇ ਵੀ ਨਗਰ ਕੌਂਸਲ ਪ੍ਰਸ਼ਾਸਨ ਨੂੰ ਲਿਖਤੀ ਤੇ ਮੌਖਿਕ ਤੌਰ ’ਤੇ ਇਸ ਮਾਮਲੇ ਦੀ ਗੰਭੀਰਤਾ ਬਾਰੇ ਆਗਾਹ ਕੀਤਾ ਪਰ ਉਨ੍ਹਾਂ ਦੇ ਅਨੁਸਾਰ, ਨਗਰ ਕੌਂਸਲ ਦੇ ਪ੍ਰਧਾਨ ਦੇ ਪਤੀ ਵੱਲੋਂ ਇਸ ਮਸਲੇ ਨੂੰ ਤਰਜੀਹ ਨਹੀਂ ਦਿੱਤੀ ਗਈ ਤੇ ਕੰਮ ਜਾਣ-ਬੁੱਝ ਕੇ ਲੰਬੇ ਸਮੇਂ ਲਈ ਲਟਕਾਇਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਹੋਰ ਕਈ ਕੌਂਸਲਰਾਂ ਨੇ ਵੀ ਪਾਣੀ ਦੇ ਮਸਲੇ ਨੂੰ ਲੈ ਕੇ ਚਿੰਤਾ ਜਤਾਈ ਤੇ ਸਾਂਝੇ ਤੌਰ ’ਤੇ ਹੱਲ ਲੱਭਣ ਦੀ ਮੰਗ ਕੀਤੀ। ਇੱਥੋਂ ਤੱਕ ਕਿ ਕੁਝ ਕੌਂਸਲਰਾਂ ਨੇ ਨਗਰ ਕੌਂਸਲ ਦਫ਼ਤਰ ਅੱਗੇ ਧਰਨਾ ਦੇਣ ਦੀ ਸਲਾਹ ਵੀ ਦਿੱਤੀ ਸੀ। ਪਰ ਰਵਿੰਦਰ ਸਿੰਘ ਨਿੱਕਾ ਨੇ ਇਹ ਸੋਚ ਕੇ ਇੰਤਜ਼ਾਰ ਕਰਨਾ ਬਿਹਤਰ ਸਮਝਿਆ ਕਿ ਨਗਰ ਕੌਂਸਲ ਦੀ ਅਗਵਾਈ ਤੇ ਸੂਬੇ ਵਿਚ ਸਰਕਾਰ ਦੋਵੇਂ ਹੀ ਉਨ੍ਹਾਂ ਦੀ ਆਪਣੀ ਪਾਰਟੀ ਨਾਲ ਸਬੰਧਤ ਹਨ, ਇਸ ਲਈ ਮਾਮਲਾ ਅੰਦਰੂਨੀ ਤੌਰ ’ਤੇ ਸੁਲਝ ਜਾਵੇਗਾ।
ਹਾਲਾਂਕਿ ਲੰਬੀ ਉਡੀਕ ਤੋਂ ਬਾਅਦ ਜਦੋਂ ਹਾਲਾਤ ਨਾ ਸੁਧਰੇ ਤਾਂ ਉਨ੍ਹਾਂ ਨੇ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਤੇ ਸਿੱਧੇ ਤੌਰ ’ਤੇ ਪ੍ਰਸ਼ਾਸਨ ’ਤੇ ਨਿਸ਼ਾਨਾ ਸਾਧਿਆ। ਇਸ ਮਾਮਲੇ ਨਾਲ ਸ਼ਹਿਰ ’ਚ ‘ਆਪ’ ਦੇ ਅੰਦਰੂਨੀ ਧੜੇਬੰਦੀ ਦੇ ਚਰਚੇ ਹੋਰ ਤੇਜ਼ ਹੋ ਗਏ ਹਨ। ਦਿਲਚਸਪ ਗੱਲ ਇਹ ਹੈ ਕਿ ਨਗਰ ਕੌਂਸਲ ਦੀ ਪ੍ਰਧਾਨ ਤੇ ਦੋਸ਼ ਲਾਉਣ ਵਾਲੇ ਸਾਬਕਾ ਮੀਤ ਪ੍ਰਧਾਨ ਦੋਵੇਂ ਹੀ ਆਪ ਪਾਰਟੀ ਨਾਲ ਸਬੰਧਤ ਹਨ। ਇਸ ਕਰਕੇ ਵਿਰੋਧੀ ਧਿਰਾਂ ਨੂੰ ਵੀ ਮੌਕਾ ਮਿਲ ਰਿਹਾ ਹੈ ਕਿ ਉਹ ਇਸ ਵਿਵਾਦ ਨੂੰ ਸਿਆਸੀ ਮੰਚ ’ਤੇ ਚੜ੍ਹਾ ਸਕਣ। ਸਥਾਨਕ ਪੱਧਰ ’ਤੇ ਇਹ ਗੱਲ ਵੀ ਚਰਚਾ ਵਿੱਚ ਹੈ ਕਿ ਕੌਂਸਲਰਾਂ ’ਚ ਆਪਸੀ ਤਾਲਮੇਲ ਦੀ ਕਮੀ ਕਾਰਨ ਵਿਕਾਸੀ ਕੰਮ ਪ੍ਰਭਾਵਿਤ ਹੋ ਰਹੇ ਹਨ।
ਉਧਰ, ਨਗਰ ਕੌਂਸਲ ਰਾਮਪੁਰਾ ਫੂਲ ਦੀ ਪ੍ਰਧਾਨ ਦੇ ਪਤੀ ਰੋਬੀ ਬਰਾੜ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਪਾਣੀ ਵਾਲੇ ਬੋਰ ’ਚ ਮਿੱਟੀ ਦੀ ਢਿਗ ਡਿੱਗ ਜਾਣ ਕਾਰਨ ਇਹ ਸਮੱਸਿਆ ਪੈਦਾ ਹੋਈ ਸੀ। ਉਨ੍ਹਾਂ ਕਿਹਾ ਕਿ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਨਵੇਂ ਬੋਰ ਕਰਵਾਏ ਜਾ ਰਹੇ ਹਨ ਤੇ ਜਲਦ ਹੀ ਪਾਣੀ ਦੀ ਸਪਲਾਈ ਸੁਚਾਰੂ ਕਰ ਦਿੱਤੀ ਜਾਵੇਗੀ।
ਉਨ੍ਹਾਂ ਆਪਣੇ ਉੱਤੇ ਲੱਗੇ ਸਿਆਸੀ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਕੁਝ ਵਿਅਕਤੀ ਪਾਰਟੀ ਅੰਦਰ ਰਹਿ ਕੇ ਹੀ ਪਾਰਟੀ ਵਿਰੋਧੀ ਗਤੀਵਿਧੀਆਂ ਕਰ ਰਹੇ ਹਨ, ਪਰ ਸ਼ਹਿਰ ਵਾਸੀ ਹਕੀਕਤ ਤੋਂ ਭਲੀ-ਭਾਂਤੀ ਜਾਣੂ ਹਨ। ਉਨ੍ਹਾਂ ਦਾਅਵਾ ਕੀਤਾ ਕਿ ‘ਆਪ’ ਦੇ ਮੌਜੂਦਾ ਕਾਰਜਕਾਲ ਦੌਰਾਨ ਸ਼ਹਿਰ ’ਚ ਰਿਕਾਰਡ ਤੋੜ ਵਿਕਾਸ ਹੋ ਰਿਹਾ ਹੈ ਤੇ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕੀਤਾ ਗਿਆ ਹੈ। ਫਿਰ ਵੀ, ਗਾਂਧੀ ਨਗਰ ਤੇ ਪ੍ਰਭਾਵਿਤ ਵਾਰਡਾਂ ਦੇ ਨਿਵਾਸੀ ਸਿਆਸੀ ਬਿਆਨਬਾਜ਼ੀ ਤੋਂ ਵੱਧ ਤੁਰੰਤ ਹੱਲ ਦੀ ਉਡੀਕ ਕਰ ਰਹੇ ਹਨ। ਹੁਣ ਦੇਖਣਾ ਇਹ ਹੈ ਕਿ ਇਹ ਮਾਮਲਾ ਪਾਰਟੀ ਅੰਦਰ ਹੀ ਸੁਲਝਦਾ ਹੈ ਜਾਂ ਆਉਣ ਵਾਲੇ ਦਿਨਾਂ ਵਿੱਚ ਹੋਰ ਤਿੱਖਾ ਰੂਪ ਧਾਰਦਾ ਹੈ। ਸ਼ਹਿਰ ਵਾਸੀਆਂ ਦੀ ਉਮੀਦ ਹੈ ਕਿ ਪਾਣੀ ਵਰਗਾ ਬੁਨਿਆਦੀ ਮਸਲਾ ਸਿਆਸੀ ਟਕਰਾਅ ਤੋਂ ਉੱਪਰ ਉਠ ਕੇ ਜਲਦੀ ਹੱਲ ਕੀਤਾ ਜਾਵੇ।