- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਸ਼ੂ ਧਨ ਨਾਲ ਆਏਗੀ ਪਿੰਡਾਂ ਵਿਚ ਖੁਸ਼ਹਾਲੀ: ਡਾ. ਬਿਮਲ ਸ਼ਰਮਾ

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ
ਬਠਿੰਡਾ : ਪਿੰਡਾਂ ਦੀ ਖੁਸ਼ਹਾਲੀ ਦੀ ਤਸਵੀਰ ਹੁਣ ਸਿਰਫ ਖੇਤਾਂ ਤਕ ਸੀਮਤ ਨਹੀਂ ਰਹੀ, ਸਗੋਂ ਪਸ਼ੂ ਧਨ ਬਹੁਤ ਤੇਜ਼ੀ ਨਾਲ ਪਿੰਡਾਂ ਦੇ ਲੋਕਾਂ ਦੀ ਆਮਦਨ, ਵਿੱਤੀ ਸਥਿਰਤਾ ਅਤੇ ਰੁਜ਼ਗਾਰ ਦਾ ਬਹੁਤ ਮਜ਼ਬੂਤ ਆਧਾਰ ਬਣਦਾ ਜਾ ਰਿਹਾ ਹੈ। ਖੇਤੀਬਾੜੀ ਤੇ ਵਧਦੇ ਖਤਰੇ ਤੇ ਲਾਗਤ ਦਰਮਿਆਨ ਪਸ਼ੂ ਪਾਲਣ, ਡੇਅਰੀ ਅਤੇ ਪੋਲਟਰੀ ਕਿਸਾਨਾਂ ਲਈ ਭਰੋਸੇਮੰਦ ਸਹਾਰਾ ਸਾਬਤ ਹੋ ਰਹੇ ਹਨ। ਇਸ ਬਦਲ ਰਹੀ ਹਕੀਕਤ ਨੂੰ ਤਾਂ ਹੁਣ ਸਰਕਾਰਾਂ ਵੀ ਸਵੀਕਾਰ ਕਰਦਿਆਂ ਹਨ। ਇਸ ਸਬੰਧੀ ਪ੍ਰਿੰਸੀਪਲ ਡਾ. ਬਿਮਲ ਸ਼ਰਮਾ ਸੰਯੁਕਤ ਨਿਰਦੇਸ਼ਕ ਨੇ ਦੱਸਿਆ ਕਿ ਭਾਰਤ ਸਰਕਾਰ ਦੇਸ਼ ਵਿਚ 20 ਹਜ਼ਾਰ ਤੋਂ ਵੱਧ ਵੈਟਰਨਰੀ ਡਾਕਟਰਾਂ ਦੀ ਉਪਲੱਬਧਤਾ ਵਧਾਉਣ ਜਾ ਰਹੀ ਹੈ ਤਾਂ ਜੋ ਪਿੰਡਾਂ ਵਿਚ ਪਸ਼ੂ ਪਾਲਕਾਂ ਨੂੰ ਪਸ਼ੂਆਂ ਦੇ ਇਲਾਜ ਦੀ ਸਹੂਲਤ ਆਸਾਨੀ ਨਾਲ ਮਿਲ ਸਕੇ। ਇਸ ਸਮੇਂ ਭਾਰਤ ਵਿਚ ਵੈਟਰਨਰੀ ਡਾਕਟਰਾਂ ਦੀ ਬਹੁਤ ਘਾਟ ਪਾਈ ਜਾ ਰਹੀ ਹੈ। ਪਸ਼ੂ ਧਨ ਦੀ ਅਹਿਮੀਅਤ ਇਸ ਤੱਥ ਨਾਲ ਸਮਝੀ ਜਾ ਸਕਦੀ ਹੈ ਕਿ ਖੇਤੀ ਤੋਂ ਹੋਣ ਵਾਲੀ ਕੁੱਲ ਆਮਦਨ ਦਾ ਤਕਰੀਬਨ 20 ਫੀਸਦੀ ਹਿੱਸਾ ਪਸ਼ੂ ਪਾਲਣ ਤੋਂ ਆਉਂਦਾ ਹੈ ਅਤੇ ਪਿਛਲੇ ਕਾਫੀ ਸਾਲਾਂ ਤੋਂ ਇਸ ਵਿਚ ਕਾਫੀ ਵਾਧਾ ਹੋ ਰਿਹਾ ਹੈ। ਇਸ ਦਾ ਮਤਲਬ ਇਹ ਹੈ ਕਿ ਖੇਤੀਬਾੜੀ ਦੀ ਤੁਲਨਾ ’ਚ ਪਸ਼ੂ ਪਾਲਣ ਪਿੰਡਾਂ ਦੇ ਲੋਕਾਂ ਦੀ ਆਮਦਨ ਨੂੰ ਬਹੁਤ ਤੇਜ਼ੀ ਨਾਲ ਵਧਾ ਰਿਹਾ ਹੈ। ਛੋਟੇ ਕਿਸਾਨਾਂ ਲਈ ਤਾਂ ਇਹ ਆਮਦਨ ਦਾ ਸਥਾਈ ਵਸੀਲਾ ਬਣ ਗਿਆ ਹੈ ਅਤੇ ਜੋ ਫਸਲਾਂ ਦੇ ਖਰਾਬ ਹੋਣ ਦੇ ਖਤਰੇ ਨੂੰ ਸੰਤੁਲਨ ਕਰ ਰਿਹਾ ਹੈ। ਨਿੱਜੀ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ। ਦੇਸ਼ ਵਿਚ ਵੈਟਰਨਰੀ ਤੇ ਪੈਰਾ ਵੈਟਰਨਰੀ ਕਾਲਜ, ਵੈਟਰਨਰੀ ਹਸਪਤਾਲ, ਡਾਇਗਨੋਸਟਿਕ ਲਿਵਾਰਟਰੀਜ ਸਥਾਪਤ ਕਰਨ ਲਈ ਕਰਜ਼ਾ ਅਧਾਰਤ ਸਬਸਿਡੀ ਦਾ ਇੰਤਜ਼ਾਮ ਕੀਤਾ ਗਿਆ ਹੈ। ਡਾ. ਸ਼ਰਮਾ ਨੇ ਦੱਸਿਆ ਕਿ ਇਸ ਸਮੇਂ ਦੇਸ਼ ਵਿਚ ਪਸ਼ੂਆਂ ਦੇ ਇਲਾਜ ਲਈ ਕਾਲਜਾਂ ਦੀ ਗਿਣਤੀ 84 ਹੈ ਅਤੇ ਜਿਸ ਨੂੰ ਭਵਿੱਖ ਦੀਆਂ ਲੋੜਾਂ ਮੁਤਾਬਕ ਵਧਾਉਣ ਦੀ ਬਹੁਤ ਲੋੜ ਹੈ। ਇਸ ਤੋਂ ਇਲਾਵਾ ਭਾਰਤ ਸਰਕਾਰ ਵੱਲੋਂ ਪਸ਼ੂ ਪਾਲਕ ਕਿਸਾਨ ਉਤਪਾਤਿਕ ਜਥੇਬੰਦੀਆਂ ਨੂੰ ਕ੍ਰੈਡਿਟ ਲਿੰਕਡ ਸਬਸਿਡੀ ਨਾਲ ਜੋੜਿਆ ਜਾ ਰਿਹਾ ਹੈ ਜਿਸ ਦਾ ਉਦੇਸ਼ ਆਧੁਨਿਕ ਪਸ਼ੂ ਪਾਲਣ ਤਕਨੀਕਾਂ ਨੂੰ ਅਪਣਾਉਣਾ ਉਤਪਾਦਕਤਾ ਵਧਾਉਣਾ ਅਤੇ ਕਿਸਾਨਾਂ ਨੂੰ ਸਿੱਧੇ ਬਾਜ਼ਾਰਾਂ ਨਾਲ ਜੋੜਨਾ ਹੈ। ਪਸ਼ੂ ਪਾਲਣ ਕਿੱਤਾ ਪੇਂਡੂ ਰੁਜ਼ਗਾਰ ਦਾ ਬਹੁਤ ਹੀ ਮਜਬੂਤ ਥੰਮ ਹੈ। ਡਾ. ਬਿਮਲ ਸ਼ਰਮਾ ਨੇ ਦੱਸਿਆ ਕਿ ਭਾਰਤ ਅੱਜ ਦੁਨੀਆਂ ਦਾ ਸਭ ਤੋਂ ਵੱਡਾ ਦੁੱਧ ਉਤਪਾਦਿਕ ਦੇਸ਼ ਹੈ ਅਤੇ ਸੰਸਾਰ ਦੇ ਦੁੱਧ ਉਤਪਾਦਨ ਦਾ ਕਰੀਬ 25 ਫੀਸਦੀ ਹਿੱਸਾ ਸਿਰਫ ਭਾਰਤ ਵਿਚ ਹੁੰਦਾ ਹੈ। ਭਾਰਤ ਵਿਚ ਪ੍ਰਤੀ ਵਿਅਕਤੀ ਦੁੱਧ ਦੀ ਉਪਲੱਬਧਤਾ ਦਾ ਤਕਰੀਬਨ 485 ਗ੍ਰਾਮ ਪ੍ਰਤੀ ਦਿਨ ਹੈ ਜੋ ਕਿ ਸੰਸਾਰ ਦੇ ਔਸਤਨ 328 ਗ੍ਰਾਮ ਤੋਂ ਕਾਫੀ ਵੱਧ ਹੈ। ਇਹ ਸਿਰਫ ਉਤਪਾਦਨ ਦੀ ਕਹਾਣੀ ਨਹੀਂ, ਸਗੋਂ ਪਿੰਡਾਂ ’ਚ ਨਿਯਮਤ ਨਗਦੀ ਪ੍ਰਵਾਹ, ਪੋਸ਼ਣ ਸੁਰੱਖਿਆ ਅਤੇ ਰੁਜ਼ਗਾਰ ਦੀ ਵੀ ਗਾਥਾ ਹੈ। ਦੁੱਧ, ਅੰਡੇ, ਮਾਸ ਉਨ ਅਤੇ ਬਕਰੀ ਦੇ ਦੁੱਧ ਵਰਗੇ ਉਤਪਾਦਾਂ ਨੇ ਪਿੰਡਾਂ ਦੇ ਲੋਕਾਂ ਦੀ ਆਮਦਨ ਲਈ ਬਹੁਤ ਰਸਤੇ ਖੋਲ੍ਹ ਦਿੱਤੇ ਹਨ।