ਗੁਰਬਾਣੀ ਸੰਥਿਆ ਦੀ 16ਵੀਂ ਸੰਪੂਰਨਤਾ ’ਤੇ ਕਰਵਾਇਆ ਗੁਰਮਤਿ ਸਮਾਗਮ
ਗੁਰਬਾਣੀ ਸੰਥਿਆ ਦੀ 16ਵੀਂ ਸੰਪੂਰਨਤਾ ਮੌਕੇ ਕੀਰਤਨ ਅਤੇ ਸ਼ੁਕਰਾਨਾ ਗੁਰਮਤਿ ਸਮਾਗਮ ਕਰਵਾਇਆ
Publish Date: Wed, 11 Feb 2026 05:18 PM (IST)
Updated Date: Thu, 12 Feb 2026 04:03 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਗੁਰਦੁਆਰਾ ਸ਼ਹੀਦ ਭਾਈ ਮਤੀ ਦਾਸ ਨਗਰ ਦੀ ਪ੍ਰਬੰਧਕ ਕਮੇਟੀ ਵੱਲੋਂ ਸ਼ਹਿਰ ਦੀਆਂ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਸੰਥਿਆ ਦੀ 16ਵੀਂ ਸੰਪੂਰਨਤਾ ਮੌਕੇ ਕੀਰਤਨ ਤੇ ਸ਼ੁਕਰਾਨਾ ਗੁਰਮਤਿ ਸਮਾਗਮ ਕਰਵਾਇਆ ਗਿਆ। ਗੁਰਦੁਆਰਾ ਸ਼ਹੀਦ ਭਾਈ ਮਤੀ ਦਾਸ ਨਗਰ ਵਿਖੇ ਬਾਬਾ ਹਜੂਰਾ ਸਿੰਘ ਖਿਆਲੀ ਵਾਲਿਆਂ ਵੱਲੋਂ ਪਿਛਲੇ ਸਾਲ 13 ਫਰਵਰੀ ਤੋਂ ਚੱਲ ਰਹੀ 16ਵੀਂ ਗੁਰਬਾਣੀ ਸੰਥਿਆ ਦੀ ਸੰਪੂਰਨਤਾ ਨੂੰ ਸਮਰਪਿਤ ਇਸ ਗੁਰਮਤਿ ਸਮਾਗਮ ਵਿੱਚ ਵਿਸ਼ਵ ਪ੍ਰਸਿੱਧ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਨੇ ਸ਼ਿਰਕਤ ਕਰਦਿਆਂ ਸੰਗਤਾਂ ਨੂੰ ਗੁਰਬਾਣੀ ਸੰਥਿਆ ਦੀ ਮਹਾਨਤਾ ਬਾਰੇ ਦੱਸਦਿਆਂ ਭਾਈ ਗੁਰਦਾਸ ਜੀ ਤੋਂ ਲੈ ਕੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਉਚਾਰੀ ਬਾਰੇ ਚਾਨਣਾ ਪਾਇਆ ਅਤੇ ਭਾਈ ਮਨੀ ਸਿੰਘ ਅਤੇ ਬਾਬਾ ਦੀਪ ਸਿੰਘ ਜੀ ਤੋਂ ਲਿਖਾਈਆਂ ਤੇ ਬਾਣੀ ਦੀ ਸੰਥਿਆ ਦਿੰਦਿਆਂ ਅਨੇਕਾਂ ਸੰਗਤਾਂ ਨੂੰ ਵੱਖ ਵੱਖ ਸੂਬਿਆਂ ਵੱਲ ਧਰਮ ਪ੍ਰਚਾਰ ਲਈ ਤੋਰਿਆ। ਉਨ੍ਹਾਂ ਸੰਗਤਾਂ ਨੂੰ ਅਰਦਾਸ ਦੀ ਮਹੱਤਤਾ ਬਾਰੇ ਵੀ ਵਿਸ਼ੇਸ਼ ਤੌਰ ’ਤੇ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਕਥਾਵਾਚਕ ਭਾਈ ਕੁਲਦੀਪ ਸਿੰਘ ਫੱਗੂ ਮੈਂਬਰ ਐੱਸਜੀਪੀਸੀ, ਭਾਈ ਜਸਵੀਰ ਸਿੰਘ ਸਿਰਸਾ (ਗੰਗਾ ਢਾਣੀ) ਰਾਗੀ ਜਥਾ ਭਾਈ ਸਾਗਰ ਸਿੰਘ ਬੱਚੀਵਿੰਡ ਵਾਲੇ ਤੇ ਹਜੂਰੀ ਰਾਗੀ ਭਾਈ ਪਵਿੱਤਰ ਸਿੰਘ ਨਾਹਰਾ, ਸਾਬਕਾ ਜਥੇਦਾਰ ਭਾਈ ਹਰਪ੍ਰੀਤ ਸਿੰਘ ਨੇ ਉਚੇਚੇ ਤੌਰ ’ਤੇ ਪਹੁੰਚ ਕੇ ਸੰਗਤ ਨੂੰ ਗੁਰਬਾਣੀ ਨਾਲ ਜੁੜਨ ਦੀ ਅਪੀਲ ਕੀਤੀ। ਅੰਤ ’ਚ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ।