ਦੁਰਗਾ ਮੰਦਰ ਤੋਂ ਕਾਂਵੜੀਆਂ ਦਾ ਜੱਥਾ ਹਰਿਦੁਆਰ ਰਵਾਨਾ
ਦੁਰਗਾ ਮੰਦਰ ਤੋਂ ਕਾਵੜੀਆਂ ਦਾ ਜੱਥਾ ਰਵਾਨਾ
Publish Date: Wed, 11 Feb 2026 04:35 PM (IST)
Updated Date: Thu, 12 Feb 2026 04:00 AM (IST)
ਹਰਪ੍ਰੀਤ ਮਦੇਸ਼ਾ, ਪੰਜਾਬੀ ਜਾਗਰਣ, ਨਥਾਣਾ : ਸ਼ਿਵ ਸ਼ਕਤੀ ਕਾਂਵੜ ਸੰਘ ਨਥਾਣਾ ਦੀ ਅਗਵਾਈ ਹੇਠ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕਾਵੜੀਆਂ ਦਾ ਜਥਾ ਅੱਜ ਦੁਰਗਾ ਮੰਦਰ ਨਥਾਣਾ ਤੋਂ ਸ਼ਰਧਾ ਅਤੇ ਉਤਸ਼ਾਹ ਨਾਲ ਹਰਿਦੁਆਰ ਲਈ ਰਵਾਨਾ ਹੋਇਆ। ਸੰਘ ਦੇ ਪ੍ਰਧਾਨ ਜਗਦੀਸ਼ ਸ਼ਰਮਾ ਨੇ ਦੱਸਿਆ ਸੰਦੀਪ ਕੁਮਾਰ, ਹਰੀ ਓਮ ਸ਼ਰਮਾ ਕਾਂਵੜ ਯਾਤਰਾ ਦੀ ਅਗਵਾਈ ਕਰ ਰਹੇ ਹਨ। ਰਵਾਨਾ ਹੋਣ ਤੋਂ ਪਹਿਲਾਂ ਮੰਦਰ ਪਰਿਸਰ ’ਚ ਇਕ ਰਸਮੀ ਪੂਜਾ ਕੀਤੀ ਗਈ। ਇਸ ਪੂਜਾ ਵਿਚ ਸ਼ਰਧਾਲੂ ਹੁੰਮ ਹੁਮਾ ਕੇ ਵੱਡੀ ਗਿਣਤੀ ਵਿਚ ਪੁੱਜੇ। ਮੰਦਰ ਦੇ ਮੁੱਖ ਪੁਜਾਰੀ ਓਮ ਪ੍ਰਕਾਸ਼ ਓਮੀ ਨੇ ਸਾਰੇ ਕਾਵੜੀਆਂ ਲਈ ਪੂਜਾ ਕੀਤੀ ਤੇ ਉਨ੍ਹਾਂ ਦੀ ਸੁਰੱਖਿਅਤ ਯਾਤਰਾ ਦੀ ਕਾਮਨਾ ਕੀਤੀ। ਇਸ ਤੋਂ ਬਾਅਦ ਥਾਣਾ ਨਥਾਣਾ ਦੇ ਮੁੱਖ ਮੁਨਸ਼ੀ ਸੁਖਰਾਜ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਕਾਂਵੜੀਆਂ ਨੂੰ ਸ਼ੁੱਭ ਕਾਮਨਾਵਾਂ ਦੇ ਨਾਲ ਵਿਦਾਇਗੀ ਦਿੱਤੀ। ਸੰਘ ਦੇ ਅਨੁਸਾਰ ਸਾਰੇ ਕਾਂਵੜੀਏ 12 ਫਰਵਰੀ ਨੂੰ ਹਰਿਦੁਆਰ ਦੇ ਹਰਿ ਕੀ ਪੌੜੀ ਤੋਂ ਪਵਿੱਤਰ ਗੰਗਾ ਜਲ ਨਾਲ ਭਰ ਕੇ ਵਾਪਸੀ ਯਾਤਰਾ ਸ਼ੁਰੂ ਕਰਨਗੇ। 15 ਫਰਵਰੀ ਨੂੰ ਮਹਾਸ਼ਿਵਰਾਤਰੀ ਦੇ ਸ਼ੁਭ ਮੌਕੇ ’ਤੇ ਉਹ ਪਵਿੱਤਰ ਗੰਗਾ ਜਲ ਨਾਲ ਭਗਵਾਨ ਸ਼ਿਵ ਦਾ ਜਲਾਭਿਸ਼ੇਕ ਕਰਨਗੇ ਤੇ ਸਰਬੱਤ ਦੇ ਭਲੇ ਲਈ ਪ੍ਰਾਰਥਨਾ ਕਰਨਗੇ ।