- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ 'ਚ ਵਿਦਾਇਗੀ ਸਮਾਰੋਹ ਕਰਵਾਇਆ

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿਰਮੋਰ ਸੰਸਥਾ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਵਿਚ ਪ੍ਰਿੰਸੀਪਲ ਗੁਰਿੰਦਰ ਕੌਰ ਦੀ ਅਗਵਾਈ ਹੇਠ ਜਮਾਤ 11ਵੀਂ ਵੱਲੋਂ ਜਮਾਤ 12ਵੀਂ ਦੇ ਵਿਦਿਆਰਥੀਆਂ ਦੇ ਸਨਮਾਨ ਵਿਚ ਇਕ ਯਾਦਗਾਰ ਪਾਰਟੀ ਦਿੱਤੀ ਗਈ। ਇਸ ਸਮਾਗਮ ਦਾ ਮੁੱਖ ਉਦੇਸ਼ ਸੀਨੀਅਰ ਵਿਦਿਆਰਥੀਆਂ ਨੂੰ ਵਿਦਾਇਗੀ ਤੋਂ ਪਹਿਲਾਂ ਖੁਸ਼ੀਆਂ ਭਰੇ ਪਲ ਦੇਣਾ ਅਤੇ ਉਨ੍ਹਾਂ ਦੇ ਸਕੂਲੀ ਜੀਵਨ ਦੀਆਂ ਸੁਹਾਵਣੀਆਂ ਯਾਦਾਂ ਨੂੰ ਸਾਂਝਾ ਕਰਨਾ ਸੀ। ਸਮਾਗਮ ਦੌਰਾਨ ਪੂਰਾ ਸਕੂਲ ਖੁਸ਼ੀ ਤੇ ਉਤਸ਼ਾਹ ਦੀ ਭਾਵਨਾ ਨਾਲ ਗੂੰਜ ਉਠਿਆ। 12ਵੀਂ ਦੇ ਇੰਚਾਰਜ ਪਰਮਜੀਤ ਸਿੰਘ ਦੀ ਦੇਖਰੇਖ ਹੇਠ ਇਹ ਸਮਾਗਮ ਬਹੁਤ ਹੀ ਸੁਚੱਜੇ ਢੰਗ ਨਾਲ ਸੰਪੰਨ ਹੋਇਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਮਾਤ 12ਵੀਂ ਵਿਦਿਆਰਥੀ ਜੀਵਨ ਦਾ ਇਕ ਮਹੱਤਵਪੂਰਨ ਪੜਾਅ ਹੈ, ਜੋ ਉਨ੍ਹਾਂ ਦੇ ਭਵਿੱਖ ਦੀ ਦਿਸ਼ਾ ਤੈਅ ਕਰਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮਿਹਨਤ, ਅਨੁਸ਼ਾਸਨ ਤੇ ਸਚਾਈ ਦੇ ਰਾਹ 'ਤੇ ਚੱਲਣ ਲਈ ਪ੍ਰੇਰਿਤ ਕੀਤਾ ਤੇ ਸਕੂਲ ਦਾ ਨਾਂ ਰੌਸ਼ਨ ਕਰਨ ਦੀ ਅਪੀਲ ਕੀਤੀ। ਸਕੂਲ ਦੇ ਪ੍ਰਿੰਸੀਪਲ ਗੁਰਿੰਦਰ ਕੌਰ ਨੇ ਜਮਾਤ 12ਵੀਂ ਦੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੰਦੇ ਕਿਹਾ ਕਿ ਵਿਦਿਆਰਥੀ ਦੇ ਜੀਵਨ ’ਚ ਸਿੱਖਿਆ ਸਿਰਫ਼ ਕਿਤਾਬਾਂ ਤਕ ਸੀਮਿਤ ਨਹੀਂ ਹੁੰਦੀ, ਸਗੋਂ ਚੰਗੇ ਸੰਸਕਾਰ, ਅਨੁਸ਼ਾਸਨ ਤੇ ਸਮਾਜਿਕ ਜ਼ਿੰਮੇਵਾਰੀ ਵੀ ਮਹੱਤਵਪੂਰਨ ਹਨ। ਵਿਦਿਆਰਥੀਆਂ ਨੂੰ ਹੌਂਸਲੇ ਨਾਲ ਅੱਗੇ ਵਧਣ, ਆਪਣੇ ਟੀਚੇ ਨੂੰ ਪਛਾਣਨ ਤੇ ਹਰ ਮੁਸ਼ਕਲ ਦਾ ਸਾਹਮਣਾ ਧੀਰਜ ਨਾਲ ਕਰਨ ਦੀ ਸਲਾਹ ਦਿੱਤੀ। ਗੁਰਿੰਦਰ ਕੌਰ ਨੇ ਸਾਰੇ ਵਿਦਿਆਰਥੀਆਂ ਲਈ ਉੱਜਵਲ ਭਵਿੱਖ, ਚੰਗੀ ਸਿਹਤ ਅਤੇ ਉੱਚੀ ਸਫਲਤਾ ਦੀ ਕਾਮਨਾ ਕੀਤੀ ਅਤੇ ਸਕੂਲ ਵੱਲੋਂ ਹਮੇਸ਼ਾਂ ਸਹਿਯੋਗ ਮਿਲਣ ਦਾ ਭਰੋਸਾ ਦਿੱਤਾ। ਜਮਾਤ 11ਵੀਂ ਦੇ ਇੰਚਾਰਜ ਅਮਨਦੀਪ ਕੌਰ ਤੇ ਹਰਜੋਤ ਕੌਰ ਦੀ ਅਗਵਾਈ ’ਚ 11ਵੀਂ ਦੇ ਵਿਦਿਆਰਥੀਆਂ ਨੇ ਪਾਰਟੀ ਦੇ ਸਾਰੇ ਪ੍ਰਬੰਧ ਮਿਹਨਤ ਨਾਲ ਕੀਤੇ। 12ਵੀਂ ਦੇ ਵਿਦਿਆਰਥੀਆਂ ਨੇ ਇਸ ਮੌਕੇ ਆਪਣੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਸਕੂਲ ਵਿਚ ਬਿਤਾਏ ਸਾਲ ਉਨ੍ਹਾਂ ਦੇ ਜੀਵਨ ਦੀ ਅਮੁੱਲ ਪਲ ਹਨ। ਉਨ੍ਹਾਂ ਨੇ ਆਪਣੇ ਅਧਿਆਪਕਾਂ ਦੇ ਪਿਆਰ, ਮਾਰਗਦਰਸ਼ਨ ਅਤੇ ਸਹਿਯੋਗ ਲਈ ਦਿਲੋਂ ਧੰਨਵਾਦ ਕੀਤਾ ਤੇ ਵਾਅਦਾ ਕੀਤਾ ਕਿ ਉਹ ਹਮੇਸ਼ਾਂ ਸਕੂਲ ਦੇ ਨਾਂ ਨੂੰ ਮਾਣਯੋਗ ਬਣਾਈ ਰੱਖਣਗੇ। ਕਈ ਵਿਦਿਆਰਥੀਆਂ ਦੇ ਭਾਵੁਕ ਸ਼ਬਦਾਂ ਨੇ ਸਮਾਗਮ ਦੇ ਮਾਹੌਲ ਨੂੰ ਹੋਰ ਵੀ ਗੰਭੀਰ ਤੇ ਯਾਦਗਾਰ ਬਣਾ ਦਿੱਤਾ।ਸਮਾਗਮ ਦੇ ਅੰਤ ਵਿਚ ਸਾਰੇ ਵਿਦਿਆਰਥੀਆਂ ਤੇ ਅਧਿਆਪਕਾਂ ਲਈ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ। ਇਹ ਪਾਰਟੀ ਜਮਾਤ 12ਵੀਂ ਦੇ ਵਿਦਿਆਰਥੀਆਂ ਲਈ ਇਕ ਯਾਦਗਾਰੀ ਪਲ ਬਣ ਗਿਆ। ਪ੍ਰਿੰਸੀਪਲ ਗੁਰਿੰਦਰ ਕੌਰ ਨੇ ਜਮਾਤ 11ਵੀਂ ਦੇ ਵਿਦਿਆਰਥੀਆਂ ਦੀ ਮਿਹਨਤ ਤੇ ਸਹਿਯੋਗ ਦੀ ਖੂਬ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਵਿਦਿਆਰਥੀਆਂ ਦੇ ਸਰਬ ਪੱਖੀ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।