ਮਾਤਾ ਸਾਹਿਬ ਕੌਰ ਗਰਲਜ ਕਾਲਜ ’ਚ ਜਾਗਰੂਕਤਾ ਸੈਮੀਨਾਰ
ਮਾਤਾ ਸਾਹਿਬ ਕੌਰ ਗਰਲਜ ਕਾਲਜ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ
Publish Date: Tue, 10 Feb 2026 06:07 PM (IST)
Updated Date: Wed, 11 Feb 2026 04:06 AM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਚੱਲ ਰਹੀ ਇਲਾਕੇ ਦੀ ਨਾਮਵਰ ਸੰਸਥਾ ਮਾਤਾ ਸਾਹਿਬ ਕੌਰ ਗਰਲਜ਼ ਕਾਲਜ, ਤਲਵੰਡੀ ਸਾਬੋ ਵਿਖੇ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਦੀ ਯੋਗ ਰਹਿਨੁਮਾਈ ਹੇਠ ਐਨਐਸਐਸ, ਰੈੱਡ ਰਿਬਨ ਕਲੱਬ ਅਤੇ ਸੋਸ਼ਿਆਲੋਜੀ ਵਿਭਾਗ ਵੱਲੋਂ “ਜਿੰਦਾਬਾਦ ਜ਼ਿੰਦਗੀ ਪ੍ਰੋਗਰਾਮ” ਦੇ ਅਧੀਨ, ਸ਼ਹੀਦ ਭਗਤ ਸਿੰਘ ਨਸ਼ਾ ਵਿਰੁੱਧ ਮੰਚ ਦੇ ਸਹਿਯੋਗ ਨਾਲ ਵਿਦਿਆਰਥੀਆਂ ਲਈ ਨਸ਼ਿਆਂ ਦੇ ਖ਼ਿਲਾਫ਼ ਇਕ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦਾ ਮਕਸਦ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾ ਕੇ ਨਸ਼ਾ ਮੁਕਤ ਜੀਵਨ ਵੱਲ ਪ੍ਰੇਰਿਤ ਕਰਨਾ ਸੀ। ਇਸ ਮੌਕੇ ਮੁੱਖ ਵਕਤਾ ਵਜੋਂ ਪਹੁੰਚੇ ਰੁਪਿੰਦਰਜੀਤ ਸਿੰਘ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਨਸ਼ਿਆਂ ਦੇ ਸਰੀਰਕ, ਮਾਨਸਿਕ ਅਤੇ ਸਮਾਜਿਕ ਨੁਕਸਾਨਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਨਸ਼ਾ ਸਿਰਫ਼ ਇਕ ਵਿਅਕਤੀ ਨੂੰ ਹੀ ਨਹੀਂ, ਸਗੋਂ ਉਸਦੇ ਪਰਿਵਾਰ, ਸਮਾਜ ਅਤੇ ਦੇਸ਼ ਦੇ ਭਵਿੱਖ ਨੂੰ ਵੀ ਹਨ੍ਹੇਰੇ ਵੱਲ ਧੱਕਦਾ ਹੈ। ਨਸ਼ਿਆਂ ਕਾਰਨ ਨੌਜਵਾਨ ਆਪਣੀ ਸਿੱਖਿਆ, ਕਰੀਅਰ ਅਤੇ ਜੀਵਨ ਦੇ ਕੀਮਤੀ ਮੌਕੇ ਗਵਾ ਬੈਠਦੇ ਹਨ। ਰੁਪਿੰਦਰਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਨਸ਼ਿਆਂ ਤੋਂ ਦੂਰ ਰਹਿਣਾ ਹੀ ਅਸਲ ਆਜ਼ਾਦੀ ਹੈ ਅਤੇ ਸਿਹਤਮੰਦ ਸੋਚ ਨਾਲ ਹੀ ਇਕ ਮਜ਼ਬੂਤ ਸਮਾਜ ਦੀ ਸਿਰਜਣਾ ਸੰਭਵ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਸ਼ਾ ਮੁਕਤ ਜੀਵਨ ਅਪਣਾਉਣ ਦੇ ਨਾਲ–ਨਾਲ ਹੋਰ ਨੌਜਵਾਨਾਂ ਨੂੰ ਵੀ ਇਸ ਮੁਹਿੰਮ ਨਾਲ ਜੋੜਨ ਦੀ ਅਪੀਲ ਕੀਤੀ। ਸਮਾਗਮ ਦੇ ਅੰਤ ਵਿਚ ਪ੍ਰੋ. ਰਾਜਨਦੀਪ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ “ਜਿੰਦਾਬਾਦ ਜ਼ਿੰਦਗੀ ਕੈਂਪੇਨ” ਦੇ ਅਧੀਨ ਆਪਣੀ ਰਜਿਸਟਰੇਸ਼ਨ ਕਰਵਾ ਕੇ ਨਸ਼ਾ ਮੁਕਤੀ ਅਭਿਆਨ ਵਿੱਚ ਸਰਗਰਮ ਭਾਗੀਦਾਰ ਬਣਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕਾਲਜ ਦੇ ਐਨਐਸਐਸ ਪ੍ਰੋਗਰਾਮ ਅਫ਼ਸਰ ਡਾ. ਸਪਨਜੀਤ ਕੌਰ, ਡਾ. ਅਮਨਪਾਲ ਕੌਰ, ਪ੍ਰੋ. ਸਿਮਰਜੀਤ ਕੌਰ, ਪ੍ਰੋਗਰਾਮ ਅਫ਼ਸਰ ਪ੍ਰੋ. ਹਰਪ੍ਰੀਤ ਕੌਰ ਅਤੇ ਪ੍ਰੋ. ਸਰਬਜੀਤ ਕੌਰ ਹਾਜ਼ਰ ਰਹੇ।