ਜੁਝਾਰ ਆਂਗਨਵਾੜੀ ਯੂਨੀਅਨ ਨੇ ਸੀਐੱਮ ਨੂੰ ਭੇਜਿਆ ਮੰਗ ਪੱਤਰ
ਜੁਝਾਰ ਆਂਗਨਵਾੜੀ ਯੂਨੀਅਨ ਨੇ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ
Publish Date: Tue, 10 Feb 2026 05:38 PM (IST)
Updated Date: Wed, 11 Feb 2026 04:03 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ : ਜੁਝਾਰ ਆਂਗਨਵਾੜੀ ਯੂਨੀਅਨ ਜ਼ਿਲ੍ਹਾ ਬਠਿੰਡਾ ਵੱਲੋਂ ਜ਼ਿਲ੍ਹੇ ਦੇ ਸਮਾਗਮ ਅਫ਼ਸਰ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਉਪਰੰਤ ਵਰਕਰਾਂ ਵੱਲੋਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਾਹੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਹੱਕੀ ਤੇ ਜਾਇਜ਼ ਮੰਗਾਂ ਸਬੰਧੀ ਮੰਗ ਪੱਤਰ ਭੇਜਿਆ ਗਿਆ, ਜਿਸ ’ਚ ਸੀਨੀਅਰ ਸੂਬਾ ਮੀਤ ਪ੍ਰਧਾਨ ਸ਼ਿੰਦਰਪਾਲ ਕੌਰ ਦਿਆਲਪੁਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਂਗਨਵਾੜੀ ਵਰਕਰਾਂ ਨਾਲ ਚੋਣਾਂ ਦੌਰਾਨ ਜੋ ਵਾਅਦੇ ਕੀਤੇ ਸਨ। ਉਨ੍ਹਾਂ ਵਿੱਚੋ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ, ਜਿਸ ਕਾਰਨ ਉਨ੍ਹਾਂ ਵਿਚ ਪੰਜਾਬ ਸਰਕਾਰ ਪ੍ਰਤੀ ਰੋਸ ਹੈ। ਚਾਰ ਸਾਲ ’ਚ ਮੁੱਖ ਮੰਤਰੀ ਵੱਲੋਂ ਇਕ ਵੀ ਮੀਟਿੰਗ ਯੂਨੀਅਨ ਨਾਲ ਨਹੀਂ ਕੀਤੀ ਗਈ। ਉਨ੍ਹਾਂ ਦੀ ਪਹਿਲੀ ਮੰਗ ਵੀ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨਾਲ ਸਾਡੀ ਯੂਨੀਅਨ ਦੀ ਮੀਟਿੰਗ ਕਰਵਾਈ ਜਾਵੇ। ਮੰਗ ਪੱਤਰ ਰਾਹੀਂ ਮੀਟਿੰਗ ਦੇਣ ਦੀ ਮੰਗ ਯੂਨੀਅਨ ਆਗੂਆਂ ਨੇ ਇਤਰਾਜ਼ ਜਤਾਇਆ ਕਿ ਮਹਿਕਮੇ ਦੇ ਮੰਤਰੀ ਡਾ. ਬਲਜੀਤ ਕੌਰ ਨਾਲ ਉਨ੍ਹਾਂ ਦੀਆਂ ਕਈ ਮੀਟਿੰਗਾਂ ਹੋਇਆ ਹਨ ਪ੍ਰੰਤੂ ਲਾਰਿਆਂ ਤੋਂ ਸਿਵਾਏ ਕੁਝ ਨਹੀਂ ਮਿਲਿਆ। ਉਨ੍ਹਾਂ ਮੰਗ ਕੀਤੀ ਕਿ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਈ ਜਾਵੇ, ਆਪਣੇ ਵਾਅਦੇ ਮੁਤਾਬਕ ਮਾਣ ਭੱਤਾ ਦੁੱਗਣਾ ਕੀਤਾ ਜਾਵੇ, ਪੋਸ਼ਣ ਟਰੈਕਰ ਦੇ ਕੰਮ ਨੂੰ ਲੈ ਕੇ ਸਮਾਰਟ ਫੋਨ ਜਲਦ ਮੁਹੱਈਆ ਕਰਵਾਏ ਜਾਣ, ਹਾਈਕੋਰਟ ਦੇ ਹੁਕਮਾਂ ’ਤੇ ਗਰੇਚਿਊਟੀ ਦੇ ਘੇਰੇ ਵਿਚ ਲਿਆ ਜਾਵੇ ਅਤੇ ਆਈਐੱਨਜੀਓ ਬਲਾਕਾਂ ਨੂੰ ਵਿਭਾਗ ’ਚ ਤਬਦੀਲ ਕੀਤਾ ਜਾਵੇ। ਇਸ ਮੌਕੇ ਆਰਤੀ ਸ਼ਰਮਾ ਸਮੇਤ ਵੱਖ ਵੱਖ ਯੂਨੀਅਨ ਆਗੂ ਹਾਜ਼ਰ ਸਨ।