ਪਾਥਫਾਈਂਡਰ ਸਕੂਲ ’ਚ ਡੈਂਟਲ ਕੈਂਪ ਲਾਇਆ
ਪਾਥਫਾਈਂਡਰ ਸਕੂਲ ਵਿਚ ਡੈਂਟਲ ਕੈਂਪ ਲਾਇਆ
Publish Date: Tue, 10 Feb 2026 04:59 PM (IST)
Updated Date: Wed, 11 Feb 2026 04:03 AM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ
ਵਿਦਿਆਰਥੀਆਂ ਵਿਚ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਪਾਥਫਾਈਂਡਰ ਗਲੋਬਲ ਸਕੂਲ ਰਾਮਪੁਰਾ ਫੂਲ ਵਿਚ ਇਕ ਵਿਸ਼ੇਸ਼ ਡੈਂਟਲ ਕੈਂਪ ਲਾਇਆ ਗਿਆ। ਇਹ ਕੈਂਪ ਸਕੂਲ ਪ੍ਰਬੰਧਕ ਕਮੇਟੀ ਦੀ ਦੇਖਰੇਖ ਹੇਠ ਡਾ. ਕੈਸ਼ੋ ਦੇਵ ਡੈਂਟਲ ਹਸਪਤਾਲ ਦੇ ਸਹਿਯੋਗ ਨਾਲ ਸਫਲਤਾਪੂਰਵਕ ਮੁਕੰਮਲ ਹੋਇਆ। ਕੈਂਪ ਦੌਰਾਨ ਤਜ਼ਰਬੇਕਾਰ ਡੈਂਟਲ ਡਾਕਟਰਾਂ ਦੀ ਟੀਮ ਡਾ. ਨਮਨ ਗੋਇਲ (ਬੀਡੀਐੱਸ, ਐੱਮਡੀਐੱਸ) ਤੇ ਡਾ. ਰੁਚਿਕਾ ਸ਼ਰਮਾ (ਬੀਡੀਐੱਸ, ਐੱਮਡੀਐੱਸ)ਵੱਲੋਂ ਵਿਦਿਆਰਥੀਆਂ ਦੇ ਦੰਦਾਂ ਦੀ ਮੁਫ਼ਤ ਜਾਂਚ ਕੀਤੀ ਗਈ। ਕੈਂਪ ’ਚ ਸਕੂਲ ਦੇ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਹਿੱਸਾ ਲਿਆ ਤੇ ਆਪਣੇ ਦੰਦਾਂ ਸਬੰਧੀ ਸਮੱਸਿਆਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਡਾਕਟਰਾਂ ਨੇ ਵਿਦਿਆਰਥੀਆਂ ਨੂੰ ਕੈਵਿਟੀ, ਮਸੂੜਿਆਂ ਦੀ ਬਿਮਾਰੀ ਤੇ ਦੰਦਾਂ ਦੀ ਸਫ਼ਾਈ ਦੀ ਘਾਟ ਵਰਗੀਆਂ ਆਮ ਸਮੱਸਿਆਵਾਂ ਬਾਰੇ ਵੀ ਵਿਸਥਾਰ ਨਾਲ ਜਾਣੂ ਕਰਵਾਇਆ।
ਡੈਂਟਲ ਟੀਮ ਵੱਲੋਂ ਵਿਦਿਆਰਥੀਆਂ ਨੂੰ ਦਿਨ ’ਚ ਦੋ ਵਾਰੀ ਦੰਦ ਸਾਫ਼ ਕਰਨ, ਸਹੀ ਤਰੀਕੇ ਨਾਲ ਬੁਰਸ਼ ਦੀ ਵਰਤੋਂ ਕਰਨ ਅਤੇ ਜ਼ਿਆਦਾ ਮਿੱਠੀਆਂ ਚੀਜ਼ਾਂ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ। ਇਸ ਦੇ ਨਾਲ ਹੀ ਨਿਯਮਿਤ ਡੈਂਟਲ ਚੈੱਕਅਪ ਦੀ ਮਹੱਤਤਾ ਬਾਰੇ ਵੀ ਸਮਝਾਇਆ। ਕੈਂਪ ਦੌਰਾਨ ਵਿਦਿਆਰਥੀਆਂ ਲਈ ਛੋਟੇ ਜਾਗਰੂਕਤਾ ਸੈਸ਼ਨ ਵੀ ਲਗਾਏ ਗਏ, ਜਿੱਥੇ ਦੰਦਾਂ ਦੀ ਬਣਤਰ ਅਤੇ ਸਫ਼ਾਈ ਬਾਰੇ ਜਾਣਕਾਰੀ ਦਿੱਤੀ। ਸਕੂਲ ਦੀ ਪ੍ਰਿੰਸੀਪਲ ਈਸ਼ੂ ਬਾਂਸਲ ਨੇ ਕਿਹਾ ਕਿ ਵਿਦਿਆਰਥੀਆਂ ਦੀ ਸਿਹਤ ਸਾਡੀ ਸਭ ਤੋਂ ਵੱਡੀ ਪੂੰਜੀ ਹੈ ਤੇ ਚੰਗੀ ਪੜ੍ਹਾਈ ਲਈ ਸਿਹਤਮੰਦ ਸਰੀਰ ਨਾਲ ਮਜ਼ਬੂਤ ਦੰਦ ਵੀ ਬਹੁਤ ਜ਼ਰੂਰੀ ਹਨ। ਇਸ ਤਰ੍ਹਾਂ ਦੇ ਕੈਂਪ ਬੱਚਿਆਂ ਵਿਚ ਛੋਟੀ ਉਮਰ ਤੋਂ ਹੀ ਸਿਹਤ ਪ੍ਰਤੀ ਸਚੇਤਤਾ ਪੈਦਾ ਕਰਦੇ ਹਨ। ਅੰਤ ’ਚ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਡੈਂਟਲ ਟੀਮ ਦਾ ਧੰਨਵਾਦ ਕੀਤਾ ਗਿਆ ਤੇ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਸਿਹਤ ਕੈਂਪ ਲਾਉਣ ਦਾ ਭਰੋਸਾ ਦਿੱਤਾ ਗਿਆ। ਸਮੂਹ ਸਕੂਲ ਵੱਲੋਂ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ।