ਟੈੱਟ ਦੀ ਬੇਲੋੜੀ ਸ਼ਰਤ ਖਿਲਾਫ ਅਧਿਆਪਕ ਜਥੇਬੰਦੀਆਂ ਵੱਲੋਂ ਧਰਨਾ ਅੱਜ
ਟੈੱਟ ਦੀ ਬੇਲੋੜੀ ਸ਼ਰਤ ਖਿਲਾਫ ਅਧਿਆਪਕ ਜਥੇਬੰਦੀਆਂ ਵੱਲੋਂ ਧਰਨਾ ਅੱਜ
Publish Date: Mon, 09 Feb 2026 07:49 PM (IST)
Updated Date: Tue, 10 Feb 2026 04:09 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਿੱਖਿਆ ਵਿਭਾਗ ਪੰਜਾਬ ਵੱਲੋਂ ਅਧਿਆਪਕਾਂ ਲਈ ਨੌਕਰੀ ਵਿਚ ਬਣੇ ਰਹਿਣ ਤੇ ਪ੍ਰਮੋਸ਼ਨਾਂ ਲਈ ਟੈੱਟ ਦੀ ਸ਼ਰਤ ਤੋਂ ਛੋਟ ਦੇਣ ਵਾਲਾ ਪੁਰਾਣਾ ਪੱਤਰ ਵਾਪਸ ਲੈ ਕੇ ਨਵਾਂ ਪੱਤਰ ਜਾਰੀ ਕਰਨ ਦੇ ਫੈਸਲੇ ਖਿਲਾਫ ਪੰਜਾਬ ਦੀਆਂ ਸਾਰੀਆਂ ਅਧਿਆਪਕ ਜਥੇਬੰਦੀਆਂ ਨੇ ਇੱਕਜੁਟ ਹੋ ਕੇ ਤਿੱਖਾ ਸੰਘਰਸ਼ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਆਗੂਆਂ ਨੇ ਕਿਹਾ ਕਿ ਇਸ ਫੈਸਲੇ ਨਾਲ ਪਿਛਲੇ 25-30 ਸਾਲਾਂ ਤੋਂ ਸੇਵਾ ਨਿਭਾਅ ਰਹੇ ਅਧਿਆਪਕਾਂ ਦੇ ਰੁਜ਼ਗਾਰ ’ਤੇ ਸਿੱਧਾ ਹਮਲਾ ਕੀਤਾ ਹੈ, ਜਿਸਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਧਿਆਪਕ ਜਥੇਬੰਦੀਆਂ ਨੇ ਐਲਾਨ ਕੀਤਾ ਕਿ 10 ਫਰਵਰੀ ਨੂੰ ਡੀਸੀ ਦਫ਼ਤਰ ਬਠਿੰਡਾ ਅੱਗੇ ਜ਼ਿਲ੍ਹਾ ਪੱਧਰੀ ਰੋਸ ਮੁਜ਼ਾਹਰਾ ਕੀਤਾ ਜਾਵੇਗਾ ਤੇ ਵਿਭਾਗ ਵੱਲੋਂ ਜਾਰੀ ਕੀਤੇ ਪੱਤਰ ਦੀਆਂ ਕਾਪੀਆਂ ਸਾੜ ਕੇ ਰੋਸ ਜਾਹਰ ਕੀਤਾ ਜਾਵੇਗਾ। ਡੈਮੋਕਰੇਟਿਕ ਟੀਚਰ ਫਰੰਟ (ਦਿਗਵਿਜੇ) ਦੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਤੇ ਸਕੱਤਰ ਜਸਵਿੰਦਰ ਸਿੰਘ, ਡੀਟੀਐੱਫ (ਵਿਕਰਮ ਦੇਵ) ਦੇ ਪ੍ਰਧਾਨ ਜਗਪਾਲ ਬੰਗੀ ਤੇ ਸਕੱਤਰ ਗੁਰਮੇਲ ਮਲਕਾਣਾ, ਜੀਟੀਯੂ. ਦੇ ਬਲਦੇਵ ਸਿੰਘ, ਬੀਐਡ ਅਧਿਆਪਕ ਫਰੰਟ ਦੇ ਕਰਮਜੀਤ ਸਿੰਘ ਜਲਾਲ, ਅਧਿਆਪਕ ਦਲ ਦੇ ਜਗਤਾਰ ਸਿੰਘ ਬਾਠ, ਕੰਪਿਊਟਰ ਅਧਿਆਪਕ ਯੂਨੀਅਨ ਦੇ ਜੋਨੀ ਸਿੰਗਲਾ, ਈਟੀਟੀ. ਟੀਚਰ ਯੂਨੀਅਨ ਦੇ ਜਗਸੀਰ ਸਹੋਤਾ ਤੇ ਫਿਜ਼ੀਕਲ ਟੀਚਰ ਐਸੋਸੀਏਸ਼ਨ ਦੇ ਕੁਲਵਿੰਦਰ ਸਿੰਘ ਗਿਆਨਾ ਨੇ ਕਿਹਾ ਕਿ 2011 ਤੋਂ ਪਹਿਲਾਂ ਭਰਤੀ ਅਧਿਆਪਕਾਂ ’ਤੇ ਟੈੱਟ ਦੀ ਸ਼ਰਤ ਥੋਪਣਾ ਸਹੀ ਨਹੀਂ ਹੈ। ਆਗੂਆਂ ਨੇ ਕਿਹਾ ਕਿ ਨੌਕਰੀ ’ਚ ਆਉਣ ਤੋਂ ਬਾਅਦ ਟੈੱਟ ਵਰਗੀ ਸ਼ਰਤ ਲਾਉਣਾ ਅਜਿਹਾ ਹੀ ਹੈ ਜਿਵੇਂ ਮੈਚ ਸ਼ੁਰੂ ਹੋਣ ਤੋਂ ਬਾਅਦ ਨਿਯਮ ਬਦਲ ਦਿੱਤੇ ਜਾਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇਹ ਫੈਸਲਾ ਵਾਪਸ ਨਾ ਲਿਆ ਤਾਂ ਆਉਣ ਵਾਲੇ ਸਮੇਂ ’ਚ ਪੰਜਾਬ ਪੱਧਰ ’ਤੇ ਹੋਰ ਤੇਜ਼ ਸੰਘਰਸ਼ ਕੀਤਾ ਜਾਵੇਗਾ, ਜਿਸਦੀ ਪੂਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।