ਮਿਲੇਨੀਅਮ ਸਕੂਲ ’ਚ ‘ਰੁੱਖ ਲਗਾਓ’ ਮੁਹਿੰਮ ਕੀਤੀ ਆਰੰਭ
ਮਿਲੇਨੀਅਮ ਸਕੂਲ ਵਿਖੇ ਵਿਸ਼ਾਲ ਵਾਤਾਵਰਣ ਸੰਭਾਲ ਅਤੇ ਰੁੱਖ ਲਗਾਉਣ ਮੁਹਿੰਮ ਚਲਾਈ
Publish Date: Mon, 09 Feb 2026 06:13 PM (IST)
Updated Date: Tue, 10 Feb 2026 04:06 AM (IST)

ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ : ਮਿਲੇਨੀਅਮ ਸਕੂਲ ਡੱਬਵਾਲੀ ਵਿਖੇ ਈਕੋ ਕਲੱਬ ਦੀ ਅਗਵਾਈ ਹੇਠ ਵਾਤਾਵਰਨ ਸੰਭਾਲ ਅਤੇ ਰੁੱਖ ਲਗਾਉਣ ਮੁਹਿੰਮ ਚਲਾਈ ਗਈ। ਇਸ ਮੁਹਿੰਮ ਵਿਚ ਨਰਸਰੀ ਤੋਂ ਲੈ ਕੇ ਸੀਨੀਅਰ ਕਲਾਸਾਂ ਤਕ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਮੁਹਿੰਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਕੁਦਰਤ ਪ੍ਰਤੀ ਪਿਆਰ, ਜ਼ਿੰਮੇਵਾਰੀ ਅਤੇ ਵਾਤਾਵਰਨ ਸੰਭਾਲ ਦੀ ਭਾਵਨਾ ਵਿਕਸਤ ਕਰਨਾ ਸੀ। ਇਸ ਦੌਰਾਨ ਸਕੂਲ ਕੈਂਪਸ ਦੇ ਵੱਖ-ਵੱਖ ਹਿੱਸਿਆਂ ਵਿੱਚ ਛਾਂਦਾਰ, ਫਲਦਾਰ ਤੇ ਔਸ਼ਧੀ ਪੌਦੇ ਲਗਾਏ ਗਏ। ਸਾਰੇ ਵਿਦਿਆਰਥੀਆਂ ਨੇ ਲਗਾਏ ਗਏ ਰੁੱਖਾਂ ਦੀ ਨਿਯਮਿਤ ਦੇਖਭਾਲ ਕਰਨ ਅਤੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਦਾ ਪ੍ਰਣ ਲਿਆ। ਬੱਚਿਆਂ ਨੇ ਵਾਤਾਵਰਨ ਪ੍ਰਦੂਸ਼ਣ ਘਟਾਉਣ, ਪਲਾਸਟਿਕ ਦੀ ਵਰਤੋਂ ਤੋਂ ਬਚਣ, ਪਾਣੀ ਦੀ ਸੰਭਾਲ ਤੇ ਵੱਧ ਤੋਂ ਵੱਧ ਰੁੱਖ-ਬੂਟੇ ਲੱਗੇ ਮਹੱਤਵਪੂਰਨ ਵਿਸ਼ਿਆਂ ’ਤੇ ਆਪਣੇ ਵਿਚਾਰ ਸਾਂਝੇ ਕੀਤੇ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਕੂਲ ਡਾਇਰੈਕਟਰ ਨੇ ਕਿਹਾ ਕਿ ਅੱਜ ਦੇ ਬੱਚੇ ਕੱਲ੍ਹ ਦੇ ਜ਼ਿੰਮੇਵਾਰ ਨਾਗਰਿਕ ਹਨ। ਜੇਕਰ ਉਹ ਅੱਜ ਤੋਂ ਹੀ ਕੁਦਰਤ ਦੀ ਰੱਖਿਆ ਦਾ ਸੰਕਲਪ ਲੈਣ, ਤਾਂ ਦੇਸ਼ ਅਤੇ ਸਮਾਜ ਦਾ ਭਵਿੱਖ ਨਿਸ਼ਚਿਤ ਤੌਰ ‘ਤੇ ਸੁਰੱਖਿਅਤ ਹੋਵੇਗਾ। ਉਨ੍ਹਾਂ ਨੇ ਈਕੋ ਕਲੱਬ ਦੇ ਉਪਰਾਲਿਆਂ ਦੀ ਭਰਪੂਰ ਪ੍ਰਸ਼ੰਸਾ ਕੀਤੀ। ਇਸ ਮੌਕੇ ਸਕੂਲ ਦੇ ਵਾਈਸ ਪ੍ਰਿੰਸੀਪਲ ਨਿਦੇਸ਼ ਵੀਜੇ ਨੇ ਕਿਹਾ ਕਿ ਰੁੱਖ ਲਗਾਉਣਾ ਸਿਰਫ਼ ਇਕ ਦਿਨ ਦੀ ਸਰਗਰਮੀ ਨਹੀਂ, ਸਗੋਂ ਜੀਵਨ ਭਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਘੱਟੋ-ਘੱਟ ਇਕ ਰੁੱਖ ਲਗਾ ਕੇ ਉਸਦੀ ਪਰਿਵਾਰਕ ਮੈਂਬਰ ਵਾਂਗ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ। ਸਮਾਗਮ ਦੇ ਅੰਤ ’ਚ ਸਾਰੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸਟਾਫ ਮੈਂਬਰਾਂ ਨੇ ਵਾਤਾਵਰਣ ਨੂੰ ਸਾਫ਼, ਸੁੰਦਰ ਤੇ ਹਰਾ-ਭਰਾ ਰੱਖਣ ਦਾ ਪ੍ਰਣ ਲਿਆ।