12 ਦੀ ਹੜਤਾਲ ਸਬੰਧੀ ਸਾਂਝਾ ਫਰੰਟ ਵੱਲੋਂ ਵਿਚਾਰਾਂ
12 ਫਰਵਰੀ ਦੀ ਹੜਤਾਲ ਨੂੰ ਲੈ ਕੇ ਸਾਂਝਾ ਫਰੰਟ ਬਠਿੰਡਾ ਦੀ ਅਹਿਮ ਮੀਟਿੰਗ ਹੋਈ
Publish Date: Mon, 09 Feb 2026 05:32 PM (IST)
Updated Date: Tue, 10 Feb 2026 04:06 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੈਨਸ਼ਨਰਜ਼ ਭਵਨ ਬਠਿੰਡਾ ਵਿਖੇ ਕੇਂਦਰੀ ਟਰੇਡ ਯੂਨੀਅਨਾਂ ਵੱਲੋਂ 12 ਫਰਵਰੀ ਨੂੰ ਕੀਤੀ ਜਾ ਰਹੀ ਹੜਤਾਲ ਦੇ ਸਬੰਧ ’ਚ ਸਾਂਝਾ ਫਰੰਟ ਬਠਿੰਡਾ ਦੀ ਇਕ ਅਹਿਮ ਮੀਟਿੰਗ ਹੋਈ। ਮੀਟਿੰਗ ਦੌਰਾਨ ਹੜਤਾਲ ਨੂੰ ਸਫਲ ਬਣਾਉਣ ਲਈ ਤਿਆਰੀਆਂ ਤੇ ਰਣਨੀਤੀ ’ਤੇ ਵਿਸਥਾਰ ਨਾਲ ਚਰਚਾ ਕੀਤੀ। ਮੀਟਿੰਗ ਦੀ ਸ਼ੁਰੂਆਤ ਸਾਂਝਾ ਫਰੰਟ ਬਠਿੰਡਾ ਦੇ ਕਨਵੀਨਰ ਸਾਥੀ ਮਨਜੀਤ ਸਿੰਘ (ਪੀਐੱਸਐੱਸਐੱਫ. 1480/22ਬੀ) ਦੇ ਪਿਛਲੇ ਦਿਨੀਂ ਹੋਏ ਦੇਹਾਂਤ ’ਤੇ ਦੋ ਮਿੰਟ ਦਾ ਮੌਨ ਧਾਰ ਕੇ ਸ਼ੋਕ ਪ੍ਰਗਟਾਇਆ। ਮੀਟਿੰਗ ’ਚ ਫੈਸਲਾ ਲਿਆ ਗਿਆ ਕਿ 12 ਫਰਵਰੀ ਨੂੰ ਡੀਸੀ ਦਫ਼ਤਰ ਬਠਿੰਡਾ ਅੱਗੇ ਵੱਡਾ ਇਕੱਠ ਕੀਤਾ ਜਾਵੇਗਾ, ਜਿਸ ’ਚ ਵੱਖ-ਵੱਖ ਸਰਕਾਰੀ ਵਿਭਾਗਾਂ ਦੀਆਂ ਜਥੇਬੰਦੀਆਂ, ਕੇਂਦਰੀ ਟਰੇਡ ਯੂਨੀਅਨ, ਐੱਸਕੇਐੱਮ, ਮਜ਼ਦੂਰ ਤੇ ਕਿਸਾਨ ਜਥੇਬੰਦੀਆਂ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਨਗੀਆਂ। ਆਗੂਆਂ ਨੇ ਕਿਹਾ ਕਿ ਕੇਂਦਰ ਵੱਲੋਂ ਲਗਾਤਾਰ ਕਿਰਤੀ ਵਿਰੋਧੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ ਤੇ ਸੂਬਾ ਸਰਕਾਰਾਂ ਵੀ ਉਨ੍ਹਾਂ ਦੀ ਪਾਲਣਾ ਕਰਦਿਆਂ ਮੁਲਾਜ਼ਮਾਂ, ਮਜ਼ਦੂਰਾਂ ਤੇ ਕਿਸਾਨਾਂ ਵੱਲੋਂ ਲੰਮੇ ਸੰਘਰਸ਼ਾਂ ਨਾਲ ਹਾਸਲ ਕੀਤੇ ਹੱਕ ਖੋਹਣ ਦੇ ਯਤਨ ਕਰ ਰਹੀਆਂ ਹਨ। 12 ਫਰਵਰੀ ਦੀ ਹੜਤਾਲ ਦਾ ਮਹੱਤਵ ਕਿਰਤੀ ਵਰਗ ਲਈ ਬਹੁਤ ਵੱਡਾ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਥੀ ਗਗਨਦੀਪ ਸਿੰਘ ਭੁੱਲਰ, ਦਰਸ਼ਨ ਮੌੜ, ਹਰਨੇਕ ਗਹਿਰੀ, ਜਤਿੰਦਰ ਕ੍ਰਿਸ਼ਨ, ਗੁਰਤੇਜ ਗਿੱਲ, ਸੁਖਵਿੰਦਰ ਸਿੰਘ ਬਰਾੜ, ਸਿਕੰਦਰ ਧਾਲੀਵਾਲ, ਭੀਮ ਸੈਣ, ਹਰਵਿੰਦਰ ਸਿੰਘ ਸੇਖੋਂ ਤੇ ਚੰਦਰ ਸ਼ਰਮਾ ਆਦਿ ਨੇ ਆਊਟਸੋਰਸਿੰਗ, ਡੇਲੀ ਵੇਜ ਤੇ ਠੇਕੇਦਾਰੀ ਪ੍ਰਥਾ, ਵਿਭਾਗਾਂ ਦੇ ਨਿੱਜੀਕਰਨ, ਪੁਰਾਣੀ ਪੈਨਸ਼ਨ ਬਹਾਲੀ, ਬਿਜਲੀ ਸੋਧ ਬਿੱਲ 2025, ਜੀਰਾਮਜੀ. ਬਿੱਲ ਤੇ 29 ਕਿਰਤ ਕਾਨੂੰਨਾਂ ਨੂੰ ਰੱਦ ਕਰਕੇ ਲਿਆਂਦੇ ਚਾਰ ਕਿਰਤ ਕੋਡਾਂ ਦਾ ਵਿਰੋਧ ਕੀਤਾ। ਪੰਜਾਬ ਸਰਕਾਰ ਵੱਲੋਂ 16 ਫੀਸਦੀ ਡੀਏ ਘੱਟ ਦੇਣ, ਪੈਨਸ਼ਨਰਾਂ ’ਤੇ 2.59 ਗੁਣਾਂਕ ਲਾਗੂ ਨਾ ਕਰਨ, 200 ਰੁਪਏ ਜਜ਼ੀਆ ਟੈਕਸ ਵਜੋਂ ਹਰ ਮਹੀਨੇ ਕੱਟੌਤੀ ਕਰਨ ਤੇ ਡੀਏ ਦੇ ਬਕਾਏ ਜਾਰੀ ਨਾ ਕਰਨ ’ਤੇ ਰੋਸ ਜਤਾਇਆ ਗਿਆ। ਅੰਤ ’ਚ 6 ਫਰਵਰੀ ਨੂੰ ਕਿਸਾਨਾਂ ’ਤੇ ਕੀਤੇ ਲਾਠੀਚਾਰਜ ਦੀ ਤਿੱਖੀ ਨਿਖੇਧੀ ਕਰਦਿਆਂ ਕਿਸਾਨ ਆਗੂਆਂ ਦੀ ਤੁਰੰਤ ਰਿਹਾਈ ਅਤੇ ਦਰਜ ਮੁਕਦਮਿਆਂ ਨੂੰ ਰੱਦ ਕਰਨ ਦੀ ਮੰਗ ਕੀਤੀ। ਮੀਟਿੰਗ ’ਚ ਵੱਡੀ ਗਿਣਤੀ ’ਚ ਸਾਂਝਾ ਫਰੰਟ ਦੇ ਆਗੂ ਤੇ ਮੈਂਬਰ ਹਾਜ਼ਰ ਸਨ।