ਚੋਰੀ ਕਰਨ ਆਇਆ ਇਕ ਚੋਰ ਕਾਬੂ, ਦੂਜਾ ਫ਼ਰਾਰ
ਅਮਨ-ਕਾਨੂੰਨ ਦੀ ਸਥਿਤੀ ਗੰਭੀਰ, ਦਿਨ-ਦਿਹਾੜੇ ਤੇਲ ਦਾ ਡੱਬਾ ਚੋਰੀ
Publish Date: Mon, 09 Feb 2026 05:13 PM (IST)
Updated Date: Tue, 10 Feb 2026 04:03 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਜ਼ਿਲ੍ਹੇ ’ਚ ਅਮਨ-ਕਾਨੂੰਨ ਦੀ ਸਥਿਤੀ ਦਿਨੋ-ਦਿਨ ਬੇਹੱਦ ਮਾੜੀ ਹੁੰਦੀ ਜਾ ਰਹੀ ਹੈ। ਛੋਟੀਆਂ-ਛੋਟੀਆਂ ਚੋਰੀਆਂ ਤੋਂ ਲੈ ਕੇ ਲੁੱਟ-ਖੋਹ ਤਕ ਦੀਆਂ ਘਟਨਾਵਾਂ ਨੇ ਲੋਕਾਂ ਵਿੱਚ ਡਰ ਅਤੇ ਅਸੁਰੱਖਿਆ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਤਾਜ਼ਾ ਮਾਮਲਾ ਸ਼ਹਿਰ ਦੇ ਗੋਪਾਲ ਨਗਰ ਤੋਂ ਸਾਹਮਣੇ ਆਇਆ ਹੈ, ਜਿੱਥੇ ਦਿਨ-ਦਿਹਾੜੇ ਦੋ ਚੋਰਾਂ ਵੱਲੋਂ ਇਕ ਦੁਕਾਨ ਵਿੱਚੋਂ ਤੇਲ ਦਾ ਡੱਬਾ ਚੋਰੀ ਕਰ ਲਿਆ ਗਿਆ। ਜਾਣਕਾਰੀ ਅਨੁਸਾਰ ਦੋ ਅਣਪਛਾਤੇ ਨੌਜਵਾਨ ਦੁਕਾਨ ‘ਚ ਆਏ ਅਤੇ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਤੇਲ ਦਾ ਡੱਬਾ ਚੁੱਕ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਪਰ ਦੁਕਾਨਦਾਰ ਨੇ ਸੀਸੀਟੀਵੀ ’ਚ ਚੋਰੀ ਦੀ ਘਟਨਾ ਨੂੰ ਦੇਖ ਲਿਆ ਤੇ ਤੁਰੰਤ ਕਾਰਵਾਈ ਕਰਦੇ ਹੋਏ ਇਕ ਚੋਰ ਨੂੰ ਮੌਕੇ ’ਤੇ ਕਾਬੂ ਕਰ ਲਿਆ, ਜਦਕਿ ਉਸਦਾ ਸਾਥੀ ਭੱਜਣ ’ਚ ਸਫਲ ਹੋ ਗਿਆ। ਇਸ ਤੋਂ ਕੁਝ ਦਿਨ ਪਹਿਲਾਂ ਵੀ ਪਿੰਡ ਦਿਆਲਪੁਰਾ ਮਿਰਜ਼ਾ ਵਿਚ ਕਾਰ ਸਵਾਰ ਲੁਟੇਰਿਆਂ ਵੱਲੋਂ ਇੱਕ ਮਜ਼ਦੂਰ ਕੋਲੋਂ ਲੱਸੀ ਨਾਲ ਭਰਿਆ ਡੋਲੂ ਖੋਹ ਕੇ ਫਰਾਰ ਹੋ ਜਾਣ ਦੀ ਘਟਨਾ ਵਾਪਰ ਚੁੱਕੀ ਹੈ। ਲਗਾਤਾਰ ਹੋ ਰਹੀਆਂ ਅਜਿਹੀਆਂ ਵਾਰਦਾਤਾਂ ਨੇ ਲੋਕਾਂ ਨੂੰ ਚਿੰਤਾ ’ਚ ਪਾ ਦਿੱਤਾ ਹੈ। ਲੋਕਾਂ ਨੇ ਕਿਹਾ ਕਿ ਜਦੋਂ ਦਿਨ-ਦਿਹਾੜੇ ਖਾਣ-ਪੀਣ ਦੀਆਂ ਚੀਜ਼ਾਂ ਤਕ ਵੀ ਸੁਰੱਖਿਅਤ ਨਹੀਂ ਰਹੀਆਂ, ਤਾਂ ਆਮ ਆਦਮੀ ਆਪਣੀ ਅਤੇ ਆਪਣੇ ਸਮਾਨ ਦੀ ਸੁਰੱਖਿਆ ਨੂੰ ਲੈ ਕੇ ਕਿਵੇਂ ਨਿਸ਼ਚਿੰਤ ਰਹੇ। ਲੋਕਾਂ ਨੇ ਪੁਲਿਸ ਤੋਂ ਮੰਗ ਕੀਤੀ ਕਿ ਇਲਾਕੇ ’ਚ ਗਸ਼ਤ ਵਧਾਈ ਜਾਵੇ ਅਤੇ ਅਪਰਾਧੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਫੜ੍ਹੇ ਗਏ ਚੋਰ ਨੂੰ ਸਬੰਧਤ ਥਾਣਾ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਜਿਸ ਤੋਂ ਪੁਲਿਸ ਪੁੱਛਗਿੱਛ ਕਰ ਰਹੀ ਹੈ। ਇਲਾਕੇ ਵਿੱਚ ਵਧ ਰਹੀਆਂ ਅਜਿਹੀਆਂ ਘਟਨਾਵਾਂ ਨੇ ਇਕ ਵਾਰ ਫਿਰ ਬਠਿੰਡਾ ਜ਼ਿਲ੍ਹੇ ਦੀ ਅਮਨ-ਕਾਨੂੰਨ ਪ੍ਰਣਾਲੀ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।