ਆਯੁਸ਼ਮਾਨ ਭਾਰਤ ਡਿਜੀਟਲ ਅਕਾਊਂਟ ਮਰੀਜ਼ਾਂ ਲਈ ਵਰਦਾਨ : ਸਿਵਲ ਸਰਜਨ
ਆਯੂਸ਼ਮਾਨ ਭਾਰਤ ਡਿਜ਼ੀਟਲ ਅਕਾਊਂਟ (ਆਭਾ) ਮਰੀਜ਼ਾਂ ਲਈ ਵਰਦਾਨ ਸਾਬਤ: ਸਿਵਲ ਸਰਜਨ
Publish Date: Mon, 09 Feb 2026 04:54 PM (IST)
Updated Date: Tue, 10 Feb 2026 04:03 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਿਹਤ ਵਿਭਾਗ ਵੱਲੋਂ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਤਹਿਤ ਮਰੀਜ਼ਾਂ ਨੂੰ ਬਿਹਤਰੀਨ ਤੇ ਆਧੁਨਿਕ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਦਾ ਮੈਡੀਕਲ ਰਿਕਾਰਡ ਡਿਜੀਟਲ ਰੂਪ ’ਚ ਸੰਭਾਲਿਆ ਜਾ ਰਿਹਾ ਹੈ। ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਨੇ ਦੱਸਿਆ ਕਿ ਆਯੁਸ਼ਮਾਨ ਭਾਰਤ ਡਿਜ਼ੀਟਲ ਅਕਾਊਂਟ (ਆਭਾ) ਮਰੀਜ਼ਾਂ ਲਈ ਬਹੁਤ ਹੀ ਲਾਭਕਾਰੀ ਸਾਬਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ’ਚ ਜਿੱਥੇ ਮਾਹਿਰ ਡਾਕਟਰਾਂ ਵੱਲੋਂ ਆਧੁਨਿਕ ਮਸ਼ੀਨਾਂ ਨਾਲ ਇਲਾਜ ਕੀਤਾ ਜਾਂਦਾ ਹੈ, ਉਥੇ ਹੀ ਆਭਾ ਯੋਜਨਾ ਤਹਿਤ ਇਲਾਜ ਨੂੰ ਆਨਲਾਈਨ ਸਿਸਟਮ ਨਾਲ ਜੋੜਿਆ ਹੈ। ਆਭਾ ਆਈਡੀ ਬਣਨ ਨਾਲ ਮਰੀਜ਼ ਦਾ ਪੂਰਾ ਮੈਡੀਕਲ ਰਿਕਾਰਡ-ਜਿਵੇਂ ਰਿਪੋਰਟਾਂ, ਐਕਸਰੇ, ਦਵਾਈਆਂ ਤੇ ਪੁਰਾਣਾ ਇਲਾਜ—ਆਨਲਾਈਨ ਸੁਰੱਖਿਅਤ ਰਹਿੰਦਾ ਹੈ। ਡਾ. ਤਪਿੰਦਰਜੋਤ ਨੇ ਦੱਸਿਆ ਕਿ ਇਕ ਹਸਪਤਾਲ ਤੋਂ ਦੂਜੇ ਹਸਪਤਾਲ ਇਲਾਜ ਕਰਵਾਉਣ ਸਮੇਂ ਮਰੀਜ਼ ਨੂੰ ਕੋਈ ਕਾਗਜ਼ਾਤ ਨਾਲ ਲਿਜਾਣ ਦੀ ਲੋੜ ਨਹੀਂ ਰਹੇਗੀ, ਕਿਉਂਕਿ ਡਾਕਟਰ ਆਭਾ ਆਈਡੀ ਰਾਹੀਂ ਸਾਰਾ ਡਾਟਾ ਤੁਰੰਤ ਵੇਖ ਸਕਦੇ ਹਨ। ਹਾਦਸਿਆਂ ਜਾਂ ਐਮਰਜੈਂਸੀ ਹਾਲਾਤ ’ਚ ਇਹ ਆਈਡੀ ਬਹੁਤ ਮਦਦਗਾਰ ਸਾਬਤ ਹੁੰਦੀ ਹੈ ਤੇ ਇਲਾਜ ’ਚ ਹੋਣ ਵਾਲੀ ਦੇਰੀ ਨੂੰ ਰੋਕਦੀ ਹੈ। ਸਿਵਲ ਸਰਜਨ ਨੇ ਸਪੱਸ਼ਟ ਕੀਤਾ ਕਿ ਆਭਾ ਆਈਡੀ ਤੋਂ ਬਿਨਾਂ ਵੀ ਇਲਾਜ ਮਿਲੇਗਾ, ਪਰ ਭਵਿੱਖ ’ਚ ਸੁਚੱਜਾ ਤੇ ਤੇਜ਼ ਇਲਾਜ ਲੈਣ ਲਈ ਆਭਾ ਆਈਡੀ ਬਣਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਆਈਡੀ ਸਾਰੇ ਸਿਹਤ ਕੇਂਦਰਾਂ ’ਚ ਮੁਫ਼ਤ ਬਣਾਈ ਜਾ ਰਹੀ ਹੈ ਤੇ ਆਭਾ ਐਪ ਰਾਹੀਂ ਵੀ ਆਸਾਨੀ ਨਾਲ ਤਿਆਰ ਕੀਤੀ ਜਾ ਸਕਦੀ ਹੈ।