ਮਾਨਸਿਕ ਸਿਹਤ ਸਬੰਧੀ ਮੁਫ਼ਤ ਸਲਾਹ ਲਈ ਸਮਾਗਮ ਸ਼ਰੂ
ਮਾਨਸਿਕ ਸਿਹਤ ਸਬੰਧੀ ਮੁਫ਼ਤ ਸਲਾਹ ਲਈ ਟੈਲੀ ਮਾਨਸ ਪੰਜਾਬ ਪ੍ਰੋਗਰਾਮ ਦੀ ਸ਼ੁਰੂਆਤ
Publish Date: Mon, 09 Feb 2026 04:38 PM (IST)
Updated Date: Tue, 10 Feb 2026 04:02 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਨੇ ਦੱਸਿਆ ਕਿ ਸਮਾਜ ਵਿੱਚ ਮਾਨਸਿਕ ਰੋਗਾਂ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ, ਜਿਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਮਾਨਸਿਕ ਸਿਹਤ ਪ੍ਰੋਗਰਾਮ ਅਧੀਨ ਟੈਲੀ ਮਾਨਸ ਪੰਜਾਬ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ। ਇਸ ਪ੍ਰੋਗਰਾਮ ਅਧੀਨ ਲੋਕ ਟੋਲ ਫਰੀ ਨੰਬਰ 14416 ’ਤੇ ਕਾਲ ਕਰਕੇ ਆਪਣੇ ਮਾਨਸਿਕ ਰੋਗਾਂ ਅਤੇ ਉਨ੍ਹਾਂ ਦੇ ਇਲਾਜ ਸਬੰਧੀ ਮੁਫ਼ਤ ਸਲਾਹ ਅਤੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਮਾਨਸਿਕ ਰੋਗਾਂ ਨੂੰ ਛੁਪਾਉਣਾ ਨਹੀਂ ਚਾਹੀਦਾ, ਸਗੋਂ ਇਨ੍ਹਾਂ ਬਾਰੇ ਖੁੱਲ੍ਹ ਕੇ ਦੱਸ ਕੇ ਮਾਹਿਰ ਡਾਕਟਰਾਂ ਤੋਂ ਸਮੇਂ ਸਿਰ ਇਲਾਜ ਕਰਵਾਉਣਾ ਚਾਹੀਦਾ ਹੈ। ਡਾ. ਤਪਿੰਦਰਜੋਤ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਰੇ ਸਰਕਾਰੀ ਹਸਪਤਾਲਾਂ ਵਿਚ ਮਾਨਸਿਕ ਰੋਗਾਂ ਦੀਆਂ ਦਵਾਈਆਂ ਮੁਫ਼ਤ ਉਪਲੱਬਧ ਹਨ। ਡਾ. ਤਪਿੰਦਰਜੋਤ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਟੈਲੀ ਮਾਨਸ ਪੰਜਾਬ ਮੁਹਿੰਮ ਅਧੀਨ ਟੋਲ ਫਰੀ ਨੰਬਰ 14416 ’ਤੇ ਕਾਲ ਕਰਕੇ ਸ਼ੁਰੂਆਤੀ ਪੱਧਰ ’ਤੇ ਹੀ ਮੁਫ਼ਤ ਕਾਊਂਸਲਿੰਗ ਦਾ ਲਾਭ ਲੈਣ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹੇ ਵਿਚ ਬਣੀਆਂ ਪੇਂਡੂ ਸਿਹਤ ਤੇ ਖੁਰਾਕ ਕਮੇਟੀਆਂ ਵੱਲੋਂ ਲੋਕਾਂ ਨੂੰ ਇਸ ਪ੍ਰੋਗਰਾਮ ਬਾਰੇ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮਮਤਾ ਦਿਵਸ ਮੌਕੇ, ਸਕੂਲਾਂ ਅਤੇ ਕਾਲਜਾਂ ਵਿੱਚ ਜਾ ਕੇ ਸਿਹਤ ਕਰਮਚਾਰੀਆਂ ਵੱਲੋਂ ਟੈਲੀ ਮਾਨਸ ਹੈਲਪਲਾਈਨ ਨੰਬਰ ਅਤੇ ਟੈਲੀ ਮਾਨਸ ਐਪ ਬਾਰੇ ਜਾਣਕਾਰੀ ਦਿੱਤੀ ਜਾਵੇਗੀ।