ਡਾ. ਮੁਸਕਾਨ ਗਰਗ ਦੀ ਪੁਸਤਕ ਨੌਜਵਾਨਾਂ ਲਈ ਬਣੇਗੀ ਰਾਹਦਸੇਰਾ
ਨੌਜਵਾਨਾਂ ਲਈ ਮਾਰਗਦਰਸ਼ਕ ਬਣੀ ਡਾ. ਮੁਸਕਾਨ ਗਰਗ ਦੀ ਨਵੀਂ ਕਿਤਾਬ
Publish Date: Sun, 08 Feb 2026 06:58 PM (IST)
Updated Date: Mon, 09 Feb 2026 04:08 AM (IST)
-ਆਤਮ-ਵਿਸ਼ਵਾਸ ਤੇ ਖ਼ੁਦ ਦੇ ਨਾਲ ਪਿਆਰ ਕਰਨ ਦਾ ਸੁਨੇਹਾ ਦਿੰਦੀ ਹੈ ਇਹ ਪੁਸਤਕ
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ
ਸ਼ਾਰਪ ਬ੍ਰੇਨਸ ਐਜੂਕੇਸ਼ਨ ਦੀ ਸਾਬਕਾ ਵਿਦਿਆਰਥਣ ਡਾ. ਮੁਸਕਾਨ ਗਰਗ ਵੱਲੋਂ ਲਿਖੀ ਗਈ ਪ੍ਰੇਰਣਾਦਾਇਕ ਕਿਤਾਬ “ਖੁਦ ਨੂੰ ਸਾਬਤ ਕਰਨ ਤੋਂ ਪਹਿਲਾਂ : ਆਪਣੇ ਆਪ ਨਾਲ ਪਿਆਰ ਕਰਨਾ ਸਿੱਖਣ ਦੀ ਯਾਤਰਾ” ਨੂੰ ਸੰਸਥਾ ਦੇ ਡਾਇਰੈਕਟਰ ਰੰਜੀਵ ਗੋਇਲ ਵੱਲੋਂ ਰਿਲੀਜ਼ ਕੀਤਾ ਗਿਆ। ਡਾ. ਮੁਸਕਾਨ ਗਰਗ ਨੇ ਦੱਸਿਆ ਕਿ ਇਹ ਕਿਤਾਬ ਆਤਮ-ਸਵੀਕਾਰਤਾ, ਆਤਮ-ਸਨਮਾਨ ਤੇ ਜੀਵਨ ਦੀਆਂ ਮੁਸ਼ਕਲ ਸਥਿਤੀਆਂ ਤੋਂ ਉੱਪਰ ਉੱਠ ਕੇ ਅੱਗੇ ਵਧਣ ਦੀ ਇੱਕ ਸ਼ਕਤੀਸ਼ਾਲੀ ਅਤੇ ਪ੍ਰੇਰਣਾਦਾਇਕ ਕਹਾਣੀ ਪੇਸ਼ ਕਰਦੀ ਹੈ, ਜੋ ਖਾਸ ਕਰਕੇ ਵਿਦਿਆਰਥੀਆਂ, ਨੌਜਵਾਨਾਂ ਅਤੇ ਮਾਪਿਆਂ ਲਈ ਮਾਰਗਦਰਸ਼ਕ ਸਾਬਤ ਹੋ ਰਹੀ ਹੈ।
ਰੰਜੀਵ ਗੋਇਲ ਨੇ ਦੱਸਿਆ ਕਿ ਡਾ. ਮੁਸਕਾਨ ਗਰਗ ਦਾ ਸਫ਼ਰ ਇੱਕ ਸਧਾਰਣ ਵਿਦਿਆਰਥਣ ਤੋਂ ਇੱਕ ਪ੍ਰੇਰਣਾਦਾਇਕ ਲੇਖਿਕਾ ਬਣਨ ਤੱਕ ਦਾ ਹੈ। ਉਨ੍ਹਾਂ ਕਿਹਾ ਕਿ ਸ਼ਾਰਪ ਬ੍ਰੇਨਸ ਐਜੂਕੇਸ਼ਨ ਵਿਚ ਪੜ੍ਹਾਈ ਦੌਰਾਨ ਮੁਸਕਾਨ ਨੇ ਅਨੁਸ਼ਾਸਨ, ਲਗਾਤਾਰ ਅਭਿਆਸ, ਆਤਮ-ਵਿਸ਼ਵਾਸ ਤੇ ਸਕਾਰਾਤਮਕ ਸੋਚ ਵਰਗੇ ਗੁਣ ਅਪਣਾਏ, ਜਿਸ ਨਾਲ ਅੱਗੇ ਚੱਲ ਕੇ ਉਸਦੇ ਵਿਅਕਤੀਤਵ ਅਤੇ ਜੀਵਨ ਦੀ ਦਿਸ਼ਾ ਨੂੰ ਮਜ਼ਬੂਤ ਆਧਾਰ ਮਿਲਿਆ। ਉਨ੍ਹਾਂ ਕਿਹਾ ਕਿ ਡਾ. ਮੁਸਕਾਨ ਗਰਗ ਉਨ੍ਹਾਂ ਵਿਦਿਆਰਥੀਆਂ ਲਈ ਇਕ ਜੀਉਂਦਾ ਉਦਾਹਰਨ ਹਨ, ਜੋ ਇਹ ਮੰਨਦੇ ਹਨ ਕਿ ਸਹੀ ਮਾਰਗਦਰਸ਼ਨ, ਮਜ਼ਬੂਤ ਸਿਸਟਮ ਅਤੇ ਮਾਪਿਆਂ ਦਾ ਭਰੋਸਾ ਕਿਸੇ ਵੀ ਬੱਚੇ ਨੂੰ ਉੱਚਾਈਆਂ ਤੱਕ ਪਹੁੰਚਾ ਸਕਦਾ ਹੈ। ਉਨ੍ਹਾਂ ਦੀ ਇਹ ਕਿਤਾਬ ਹਰ ਉਸ ਵਿਅਕਤੀ ਲਈ ਪ੍ਰੇਰਣਾ ਹੈ ਜੋ ਆਪਣੇ ਆਪ ਨੂੰ ਘੱਟ ਸਮਝਦਾ ਹੈ ਜਾਂ ਸਮਾਜਿਕ ਉਮੀਦਾਂ ਦੇ ਦਬਾਅ ਹੇਠ ਜੀ ਰਿਹਾ ਹੈ। ਕਿਤਾਬ ਵਿਚ ਡਾ. ਮੁਸਕਾਨ ਗਰਗ ਨੇ ਆਪਣੇ ਜੀਵਨ ਦੇ ਅਨੁਭਵਾਂ, ਆਤਮਕ ਸੰਘਰਸ਼ਾਂ ਅਤੇ ਆਤਮ-ਸਵੀਕਾਰਤਾ ਦੀ ਪ੍ਰਕਿਰਿਆ ਨੂੰ ਬਹੁਤ ਹੀ ਸਧਾਰਣ ਤੇ ਭਾਵਨਾਤਮਕ ਭਾਸ਼ਾ ਵਿੱਚ ਪੇਸ਼ ਕੀਤਾ ਹੈ। ਉਨ੍ਹਾਂ ਸੁਨੇਹਾ ਦਿੱਤਾ ਹੈ ਕਿ ਦੂਜਿਆਂ ਨੂੰ ਸਾਬਤ ਕਰਨ ਤੋਂ ਪਹਿਲਾਂ ਆਪਣੇ ਆਪ ਨੂੰ ਸਵੀਕਾਰ ਕਰਨਾ ਅਤੇ ਆਪਣੇ ਆਪ ਨਾਲ ਪਿਆਰ ਕਰਨਾ ਹੀ ਸੱਚੀ ਸਫਲਤਾ ਦੀ ਸ਼ੁਰੂਆਤ ਹੈ।