ਔਰਤਾਂ ਨੂੰ ਸਮੇਂ ਸਿਰ ਜਾਂਚ ਕਰਵਾਉਣ ਲਈ ਪ੍ਰੇਰਿਆ
ਜੱਚਾ-ਬੱਚਾ ਹਸਪਤਾਲ ਵਿਖੇ ਜਾਗਰੂਕਤਾ ਸੈਸ਼ਨ ਲਾਇਆ
Publish Date: Sun, 08 Feb 2026 04:30 PM (IST)
Updated Date: Mon, 09 Feb 2026 04:02 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜੱਚਾ-ਬੱਚਾ ਹਸਪਤਾਲ ਬਠਿੰਡਾ ਵਿਖੇ ਔਰਤਾਂ ਵਿਚ ਆਮ ਤੌਰ ‘ਤੇ ਪਾਏ ਜਾਣ ਵਾਲੇ ਕੈਂਸਰਾਂ ਸਬੰਧੀ ਜਾਗਰੂਕਤਾ ਸੈਸ਼ਨ ਲਾਇਆ ਗਿਆ। ਇਸ ਮੌਕੇ ਔਰਤਾਂ ਰੋਗਾਂ ਦੇ ਮਾਹਿਰ ਡਾ. ਪ੍ਰਿਅੰਕਾ, ਬਲਾਕ ਐਜੂਕੇਟਰ ਪਵਨਜੀਤ ਕੌਰ ਅਤੇ ਕਾਊਂਸਲਰ ਚਰਨਪਾਲ ਕੌਰ ਵੱਲੋਂ ਹਾਜ਼ਰ ਔਰਤਾਂ ਨੂੰ ਛਾਤੀ ਕੈਂਸਰ, ਸਰਵਾਈਕਲ ਕੈਂਸਰ ਅਤੇ ਬੱਚੇਦਾਨੀ ਦੇ ਕੈਂਸਰ ਦੇ ਲੱਛਣਾਂ, ਬਚਾਅ ਅਤੇ ਸਮੇਂ-ਸਿਰ ਜਾਂਚ ਕਰਵਾਉਣ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। ਔਰਤਾਂ ਦੇ ਰੋਗਾਂ ਦੇ ਮਾਹਿਰ ਡਾ. ਪ੍ਰਿਅੰਕਾ ਨੇ ਦੱਸਿਆ ਕਿ ਕੈਂਸਰ ਦੀ ਸਮੇਂ ‘ਤੇ ਪਛਾਣ ਹੋਣ ਨਾਲ ਇਸ ਦਾ ਇਲਾਜ ਸੰਭਵ ਹੁੰਦਾ ਹੈ। ਔਰਤਾਂ ਨੂੰ ਆਪਣੇ ਸਰੀਰ ਵਿਚ ਆਉਣ ਵਾਲੇ ਕਿਸੇ ਵੀ ਅਸਧਾਰਣ ਬਦਲਾਅ ਨੂੰ ਅਣਡਿੱਠਾ ਨਾ ਕਰਨ ਅਤੇ ਤੁਰੰਤ ਡਾਕਟਰ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ। ਸਰਵਾਈਕਲ ਕੈਂਸਰ ਤੋਂ ਬਚਾਅ ਲਈ ਐਚਪੀਵੀ ਟੀਕਾਕਰਨ ਅਤੇ ਨਿਯਮਿਤ ਸਕਰੀਨਿੰਗ ਟੈਸਟਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ। ਇਸ ਤੋਂ ਇਲਾਵਾ ਕੈਂਸਰ ਜਾਂਚ ਸਬੰਧੀ ਪੈਪ ਸਮੀਅਰ ਟੈਸਟ ਬਾਰੇ ਵੀ ਜਾਣਕਾਰੀ ਦਿੱਤੀ ਗਈ।