ਸਿਲਵਰ ਓਕਸ ਸਕੂਲ ’ਚ ‘ਯਾਦੋਂ ਕਾ ਕਾਰਵਾਂ’ ਪਾਰਟੀ ਕਰਵਾਈ
ਸਿਲਵਰ ਓਕਸ ਸਕੂਲ ਵਿਦਿਆਰਥੀਆਂ ਲਈ ‘ਯਾਦੋਂ ਕਾ ਕਾਰਵਾਂ’ ਪਾਰਟੀ ਕਰਵਾਈ
Publish Date: Sat, 07 Feb 2026 08:10 PM (IST)
Updated Date: Sun, 08 Feb 2026 04:11 AM (IST)

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਿਲਵਰ ਓਕਸ ਸਕੂਲ ਸੁਸ਼ਾਂਤ ਸਿਟੀ-2 ਬਠਿੰਡਾ ਵੱਲੋਂ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ “ਯਾਦੋਂ ਕਾ ਕਾਰਵਾਂ” ਨਾਮਕ ਯਾਦਗਾਰੀ ‘ਬੈਸਟ ਆਫ ਲੱਕ’ ਪਾਰਟੀ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਹ ਸਮਾਗਮ ਬੋਰਡ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਜਜ਼ਬਾਤ, ਉਤਸ਼ਾਹ ਅਤੇ ਜਸ਼ਨ ਦਾ ਸੁੰਦਰ ਮਿਲਾਪ ਸੀ। ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਡਾਇਰੈਕਟਰ ਬਰਨਿੰਦਰਪਾਲ ਸੇਖੋਂ ਅਤੇ ਪ੍ਰਿੰਸੀਪਲ ਮੈਡਮ ਨੀਤੂ ਅਰੋੜਾ ਦੇ ਨਿੱਘੇ ਸੁਆਗਤ ਨਾਲ ਹੋਈ। ਸਮਾਗਮ ਦਾ ਆਗਾਜ਼ ਇਕ ਪ੍ਰੇਰਣਾਦਾਇਕ ਕਵਿਤਾ ਨਾਲ ਕੀਤਾ ਗਿਆ, ਜਿਸ ਨਾਲ ਸਾਰੇ ਮਾਹੌਲ ਵਿੱਚ ਸਕਾਰਾਤਮਕਤਾ ਭਰ ਗਈ। ਇਸ ਉਪਰੰਤ ਵਿਦਿਆਰਥੀਆਂ ਲਈ ਰੁਚਿਕਰ ਖੇਡਾਂ ਤੇ ਮਨੋਰੰਜਕ ਸਰਗਰਮੀਆਂ ਕਰਵਾਈਆਂ ਗਈਆਂ। ਸੱਭਿਆਚਾਰਕ ਪ੍ਰੋਗਰਾਮ ਦੌਰਾਨ ਨੌਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤਾ ਗਿਆ ਜੋਸ਼ੀਲਾ ਡਾਂਸ ਖ਼ਾਸ ਆਕਰਸ਼ਣ ਦਾ ਕੇਂਦਰ ਬਣਿਆ। ਸਮਾਗਮ ਦਾ ਮੁੱਖ ਆਕਰਸ਼ਣ 12ਵੀਂ ਦੇ ਵਿਦਿਆਰਥੀਆਂ ਦਾ ਰੈਂਪ ਵਾਕ ਅਤੇ ਸਵਾਲ-ਜਵਾਬ ਦਾ ਦੌਰ ਰਿਹਾ, ਜਿੱਥੇ ਵਿਦਿਆਰਥੀਆਂ ਨੇ ਪੂਰੇ ਆਤਮ-ਵਿਸ਼ਵਾਸ ਨਾਲ ਆਪਣੀ ਸ਼ਖਸੀਅਤ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਮਾਹੌਲ ਉਸ ਵੇਲੇ ਭਾਵੁਕ ਹੋ ਗਿਆ, ਜਦੋਂ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਨੂੰ ਵਿਸ਼ੇਸ਼ ਖਿਤਾਬ ਦੇ ਕੇ ਉਨ੍ਹਾਂ ਦੇ ਕੀਮਤੀ ਮਾਰਗਦਰਸ਼ਨ ਲਈ ਧੰਨਵਾਦ ਪ੍ਰਗਟ ਕੀਤਾ। ਇਸ ਦੇ ਨਾਲ ਹੀ ਨੌਵੀਂ ਤੇ 11ਵੀਂ ਦੇ ਵਿਦਿਆਰਥੀਆਂ ਵੱਲੋਂ ਆਪਣੇ ਸੀਨੀਅਰਾਂ ਨੂੰ ਉਨ੍ਹਾਂ ਦੀਆਂ ਵਿਲੱਖਣ ਖੂਬੀਆਂ ਲਈ ਰਚਨਾਤਮਕ ਟਾਈਟਲ ਦੇ ਕੇ ਸਨਮਾਨਿਤ ਕੀਤਾ ਗਿਆ।
ਡਾਇਰੈਕਟਰ ਬਰਨਿੰਦਰਪਾਲ ਸੇਖੋਂ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਜੀਵਨ ਵਿੱਚ ਅਨੁਸ਼ਾਸਨ, ਇਕਾਗਰਤਾ ਅਤੇ ਆਸ਼ਾਵਾਦੀ ਸੋਚ ਅਪਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੇ ਸ਼ਬਦਾਂ ਨੇ ਵਿਦਿਆਰਥੀਆਂ ਵਿਚ ਆਉਣ ਵਾਲੀਆਂ ਚੁਣੌਤੀਆਂ ਦਾ ਡਟ ਕੇ ਸਾਹਮਣਾ ਕਰਨ ਦਾ ਜੋਸ਼ ਭਰਿਆ। ਇਸ ਮੌਕੇ ਮਿਸਟਰ ਸਿਲਵਰਿਅਨ: ਗੁਨਤਾਜ਼ ਸਿੰਘ ਮਾਨ (12ਵੀਂ ਕਾਮਰਸ), ਮਿਸ ਸਿਲਵਰਿਅਨ : ਸਹਿਜਪ੍ਰੀਤ ਕੌਰ ਸਰਾਂ 12ਵੀਂ ਮੈਡੀਕਲ, ਰਨਰ-ਅੱਪ ਮਿਸ ਸਿਲਵਰਿਅਨ: ਸਵਰੀਨ ਕੌਰ ਚਾਹਲ (12ਵੀਂ ਮੈਡੀਕਲ), ਬੀਕਨ ਆਫ ਡਿਸਿਪਲਿਨ: ਨੀਲਗਗਨ (10ਵੀਂ ਬੀ), ਫੀਅਰਲੈੱਸ ਅਚੀਵਰ: ਜੈਸਮੀਨ ਕੌਰ (10ਵੀਂ ਬੀ),ਕਾਈਂਡਨੈੱਸ ਕਰੂਸੇਡਰ: ਮਨਮੀਤ ਸਿੰਘ (10ਵੀਂ ਏ) ਚੁਣੇ ਗਏ। ਸਾਰੇ ਜੇਤੂ ਵਿਦਿਆਰਥੀਆਂ ਨੂੰ ਸੈਸ਼ ਅਤੇ ਤੋਹਫ਼ੇ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਮੈਡਮ ਵੱਲੋਂ ਬਾਕੀ ਵਿਦਿਆਰਥੀਆਂ ਨੂੰ ਵੀ ਪਿਆਰ ਅਤੇ ਯਾਦਗਾਰ ਵਜੋਂ ਤੋਹਫ਼ੇ ਦਿੱਤੇ ਗਏ।