- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ‘ਪੱਤਰਕਾਰਤਾ ਵਿੱਚ ਏਆਈ.’ ਵਿਸ਼ੇ ’ਤੇ ਏਆਈ ਇੰਪੈਕਟ ਪ੍ਰੀ-ਸਮਿਟ

-ਕਿਹਾ, ਏਆਈ ਮਨੁੱਖੀ ਸੋਚ ਤੇ ਜ਼ਿੰਮੇਵਾਰੀ ਦੀ ਥਾਂ ਲੈਣ ਵਾਲਾ ਬਦਲ ਨਹੀਂ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਇੰਡੀਆ ਏਆਈ ਮਿਸ਼ਨ ਦੇ ਤਹਿਤ “ਪੱਤਰਕਾਰਤਾ ’ਚ ਏਆਈ.” ਵਿਸ਼ੇ ’ਤੇ ਇਕ ਦਿਨਾ ਏਆਈ ਇੰਪੈਕਟ ਪ੍ਰੀ-ਸਮਿਟ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੇ ‘ਦਿ ਡੇਲੀ ਗਾਰਡੀਅਨ ਦੇ ਸੰਪਾਦਕ ਤੁਸ਼ਾਰ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ’ਚ ਅਕਾਦਮਿਕ ਵਿਦਵਾਨਾਂ, ਮੀਡੀਆ ਪੇਸ਼ੇਵਰਾਂ ਤੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਪੱਤਰਕਾਰਤਾ, ਸਿੱਖਿਆ ਅਤੇ ਸਮਾਜ ਵਿੱਚ ਏਆਈ ਦੀ ਭੂਮਿਕਾ ’ਤੇ ਵਿਚਾਰ-ਵਟਾਂਦਰਾ ਕੀਤਾ। ਪ੍ਰਧਾਨਗੀ ਕਰਦਿਆਂ ਵਾਈਸ-ਚਾਂਸਲਰ ਪ੍ਰੋ. ਰਾਘਵੇਂਦ੍ਰ ਪ੍ਰਸਾਦ ਤਿਵਾਰੀ ਨੇ ਕਿਹਾ ਕਿ ਅੱਜ ਏਆਈ ਸਾਡੇ ਜੀਵਨ ਦੇ ਲਗਭਗ ਹਰ ਖੇਤਰ ਨੂੰ ਪ੍ਰਭਾਵਿਤ ਕਰ ਰਹੀ ਹੈ ਤੇ ਲੋਕਾਂ ਦੀਆਂ ਲੋੜਾਂ ਅਨੁਸਾਰ ਬਦਲਾਅ ਲਿਆ ਰਹੀ ਹੈ। ਉਨ੍ਹਾਂ ਨੇ ਭਾਰਤ ਸਰਕਾਰ ਦੀਆਂ ਏਆਈ-ਆਧਾਰਿਤ ਪਹਿਲਕਦਮੀਆਂ ਦਾ ਜ਼ਿਕਰ ਕਰਦੇ ਹੋਏ ਖੇਤੀਬਾੜੀ ਤੇ ਸਿਹਤ ਵਿਗਿਆਨ ’ਚ ਏਆਈ ਦੇ ਉਪਯੋਗ ਬਾਰੇ ਗੱਲ ਕੀਤੀ। ਇਸਦੇ ਨਾਲ ਹੀ ਉਨ੍ਹਾਂ ਨੇ ਏਆਈ ਰਾਹੀਂ ਸਿੱਖਿਆ ਦੀ ਗੁਣਵੱਤਾ ਸੁਧਾਰਣ ਦੀ ਯੂਨੀਵਰਸਿਟੀ ਦੀ ਪਰਿਕਲਪਨਾ ਸਾਂਝੀ ਕੀਤੀ ਤੇ ਮੁੱਲਾਂਕਣ, ਅਧਿਆਪਨ ਪ੍ਰਕਿਰਿਆ ਤੇ ਵਿਦਿਆਰਥੀਆਂ ਦੇ ਸਿੱਖਣ ਸਬੰਧੀ ਰੁਝਾਨਾਂ ਨੂੰ ਸਮਝ ਕੇ ਜ਼ਰੂਰੀ ਅਕਾਦਮਿਕ ਸਹਾਇਤਾ ਦੇਣ ਵਾਲੀ ਏਆਈ-ਆਧਾਰਿਤ ਪੜ੍ਹਾਉਣ ਦੀ ਪ੍ਰਣਾਲੀ ਦੇ ਵਿਕਾਸ ’ਤੇ ਜ਼ੋਰ ਦਿੱਤਾ।
ਉਨ੍ਹਾਂ ਕਿਹਾ ਕਿ ਏਆਈ ਟਿਕਾਊ ਵਿਕਾਸ ਅਤੇ ਡਾਟਾ-ਆਧਾਰਿਤ ਪ੍ਰਭਾਵਸ਼ਾਲੀ ਫੈਸਲਿਆਂ ’ਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ, ਪਰ ਇਹ ਵੀ ਲਾਜ਼ਮੀ ਹੈ ਕਿ ਏਆਈ ਮਨੁੱਖੀ ਸੋਚ ’ਤੇ ਹਾਵੀ ਨਾ ਹੋਵੇ ਅਤੇ ਇਸਦੇ ਉਪਯੋਗ ਵਿੱਚ ਨੈਤਿਕਤਾ ਤੇ ਮਨੁੱਖੀ ਵਿਵੇਕ ਕੇਂਦਰ ਵਿੱਚ ਰਹਿਣ। ਮੁੱਖ ਬੁਲਾਰੇ ਅਤੇ ਤੁਸ਼ਾਰ ਸ਼ਰਮਾ ਨੇ ਆਧੁਨਿਕ ਨਿਊਜ਼ਰੂਮ ਵਿੱਚ ਏਆਈ ਦੇ ਵਿਹਾਰਕ ਉਪਯੋਗ ’ਤੇ ਇਕ ਗਿਆਨਵਰਧਕ ਵਿਆਖਿਆਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਏਆਈ ਵਿੱਚ ਬੁੱਧੀਮਤਾ ਤਾਂ ਹੈ ਪਰ ਚੇਤਨਾ ਨਹੀਂ, ਇਸ ਲਈ ਮਨੁੱਖੀ ਨਿਗਰਾਨੀ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਏਆਈ ਟੂਲਜ਼ ਦਾ ਨੈਤਿਕ ਢੰਗ ਨਾਲ ਉਪਯੋਗ ਕਰਕੇ ਪੱਤਰਕਾਰ ਰਿਪੋਰਟਿੰਗ, ਸਾਰ-ਸੰਖੇਪਣ, ਬੈਕਗਰਾਊਂਡ ਬ੍ਰੀਫ ਤਿਆਰ ਕਰਨ, ਖ਼ਬਰਾਂ ਦਾ ਲੇਖਨ ਤੇ ਸੰਪਾਦਨ, ਡਾਟਾ ਮਾਈਨਿੰਗ, ਖੋਜੀ ਪੱਤਰਕਾਰਤਾ, ਬਜਟ ਵਿਸ਼ਲੇਸ਼ਣ, ਇੰਟਰਵਿਊ ਦੀ ਟ੍ਰਾਂਸਕ੍ਰਿਪਸ਼ਨ ਅਤੇ ਰੀਅਲ-ਟਾਈਮ ਲੇਖ ਪ੍ਰਕਾਸ਼ਨ ਵਿਚ ਸਹਾਇਤਾ ਲੈ ਸਕਦੇ ਹਨ। ਇਸਦੇ ਨਾਲ ਹੀ ਉਨ੍ਹਾਂ ਏਆਈ ’ਤੇ ਅੰਧਾ ਭਰੋਸਾ ਨਾ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਏਆਈ ਦੇ ਨਤੀਜਿਆਂ ਵਿੱਚ ਗਲਤ ਜਾਣਕਾਰੀ, ਪੱਖਪਾਤ ਤੇ ਤਥਾਤਮਕ ਗਲਤੀਆਂ ਹੋ ਸਕਦੀਆਂ ਹਨ। ਖ਼ਾਸ ਕਰਕੇ ਲਿੰਗ, ਧਰਮ, ਜਾਤੀ ਤੇ ਟਕਰਾਅ ਵਰਗੇ ਸੰਵੇਦਨਸ਼ੀਲ ਵਿਸ਼ਿਆਂ ਦੀ ਰਿਪੋਰਟਿੰਗ ਦੌਰਾਨ। ਉਨ੍ਹਾਂ ਕਿਹਾ ਕਿ ਇਕ ਵੀ ਤੱਥਾਤਮਕ ਗਲਤੀ ਪੱਤਰਕਾਰ ਦੀ ਭਰੋਸੇਯੋਗਤਾ ਨੂੰ ਨੁਕਸਾਨ ਪਹੁੰਚਾ ਸਕਦੀ ਹੈ, ਇਸ ਲਈ ਏਆਈ ਨਾਲ ਤਿਆਰ ਕੀਤੀ ਕਿਸੇ ਵੀ ਸਮੱਗਰੀ ਦਾ ਉਪਯੋਗ ਪੂਰੀ ਪਾਰਦਰਸ਼ਤਾ ਤੇ ਕੜੇ ਤੱਥਾਂ ਦੀ ਜਾਂਚ ਨਾਲ ਕੀਤਾ ਜਾਣਾ ਚਾਹੀਦਾ ਹੈ। ਸ਼ਰਮਾ ਨੇ ਦੁਹਰਾਇਆ ਕਿ ਪੱਤਰਕਾਰਤਾ ਸਿਰਫ਼ ਲਿਖਣ ਜਾਂ ਟਾਈਪ ਕਰਨ ਤਕ ਸੀਮਤ ਨਹੀਂ, ਬਲਕਿ ਸੋਚ, ਮੌਲਿਕਤਾ, ਨੈਤਿਕ ਵਿਵੇਕ ਤੇ ਪੰਕਤੀਆਂ ਦੇ ਵਿਚਕਾਰ ਛੁਪੇ ਅਰਥ ਨੂੰ ਸਮਝਣ ਦੀ ਮਨੁੱਖੀ ਸਮਰੱਥਾ ’ਤੇ ਆਧਾਰਿਤ ਪੇਸ਼ਾ ਹੈ, ਅਤੇ ਇਸੀ ਕਰਕੇ ਸੰਪਾਦਕ ਏਆਈ ਨਾਲ ਲਿਖੀ ਸਮੱਗਰੀ ਨੂੰ ਆਸਾਨੀ ਨਾਲ ਪਛਾਣ ਲੈਂਦੇ ਹਨ। ਉਨ੍ਹਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਏਆਈ ਪੱਤਰਕਾਰਾਂ ਦੀ ਮਦਦ ਲਈ ਇਕ ਸਾਧਨ ਹੈ, ਨਾ ਕਿ ਮਨੁੱਖੀ ਸੋਚ ਤੇ ਜ਼ਿੰਮੇਵਾਰੀ ਦੀ ਥਾਂ ਲੈਣ ਵਾਲਾ ਵਿਕਲਪ। ਪ੍ਰੋਗਰਾਮ ਦੀ ਸ਼ੁਰੂਆਤ ਜਨਸੰਚਾਰ ਅਤੇ ਮੀਡੀਆ ਅਧਿਐਨ ਵਿਭਾਗ ਦੇ ਮੁਖੀ ਡਾ. ਰੁਬਲ ਕਨੋਜ਼ੀਆ ਦੇ ਸਵਾਗਤੀ ਸੰਬੋਧਨ ਨਾਲ ਹੋਈ, ਜਿਨ੍ਹਾਂ ਨੇ “ਏਆਈ ਇਨ ਜਰਨਲਿਜ਼ਮ” ਵਿਸ਼ੇ ਦੀ ਮਹੱਤਤਾ ਉਜਾਗਰ ਕਰਦਿਆਂ ਮੀਡੀਆ ਸਿੱਖਿਆ ਅਤੇ ਨਿਊਜ਼ਰੂਮ ਕਾਰਜਪ੍ਰਣਾਲੀ ਵਿੱਚ ਏਆਈ ਦੀ ਭੂਮਿਕਾ ’ਤੇ ਰੋਸ਼ਨੀ ਪਾਈ ਤੇ ਮੁੱਖ ਬੁਲਾਰੇ ਨਾਲ ਭਾਗੀਦਾਰਾਂ ਨੂੰ ਜਾਣੂ ਕਰਵਾਇਆ। ਕਾਰਜਕ੍ਰਮ ਦਾ ਸਮਾਪਨ ਡਾ. ਕਿੰਸ਼ੁਕ ਪਾਠਕ, ਐਸੋਸੀਏਟ ਪ੍ਰੋਫੈਸਰ, ਵੱਲੋਂ ਧੰਨਵਾਦੀ ਭਾਸ਼ਣ ਨਾਲ ਹੋਇਆ। ਇਸ ਮੌਕੇ ਵਿਭਾਗ ਦੇ ਅਧਿਆਪਕ ਡਾ. ਛਵੀ ਗਰਗ, ਡਾ. ਮਹੇਸ਼ ਮੀਣਾ, ਡਾ. ਅਲੀਮ ਖ਼ਾਨ ਅਤੇ ਡਾ. ਵਿਸ਼ਨੁ ਦੇ ਨਾਲ-ਨਾਲ ਯੂਨੀਵਰਸਿਟੀ ਦੇ ਜਨਸੰਪਰਕ ਅਧਿਕਾਰੀ ਰੋਬਿਨ ਜਿੰਦਲ ਵੀ ਮੌਜੂਦ ਸਨ।