ਕੇਂਦਰੀ ਬਜਟ ਤੋਂ ਪੰਜਾਬ ਦੇ ਲੋਕ ਨਿਰਾਸ਼ : ਉਦੇਵੀਰ ਸਿੰਘ ਜਗਾ
ਕੇਂਦਰੀ ਬਜਟ ਤੋਂ ਪੰਜਾਬ ਤੇ ਆਮ ਲੋਕਾਂ ਨੂੰ ਨਿਰਾਸ਼ਾ, ਮੋਦੀ ਸਰਕਾਰ ਸਿਰਫ਼ ਚੁਣਿੰਦਾ ਵਰਗ ਲਈ ਸੋਚਦੀ ਹੈ: ਉਦੇਵੀਰ ਸਿੰਘ ਜਗਾ
Publish Date: Sat, 07 Feb 2026 06:05 PM (IST)
Updated Date: Sun, 08 Feb 2026 04:06 AM (IST)
-ਕਿਹਾ, ਕੇਂਦਰ ਸਰਕਾਰ ਸਿਰਫ਼ ਕਾਰਪੋਰੇਟ ਘਰਾਣਿਆਂ ਦਾ ਹੀ ਸੋਚਦੀ ਹੈ
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ
ਹਲਕਾ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਪ੍ਰੋ. ਬਲਜਿੰਦਰ ਕੌਰ ਦੇ ਭਰਾ ਉਦੇਵੀਰ ਸਿੰਘ ਜਗਾ ਰਾਮ ਤੀਰਥ ਨੇ ਬੀਤੇ ਦਿਨ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਬਜਟ ’ਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਬਜਟ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਤੇ ਪੰਜਾਬ ਵਰਗੇ ਸਰਹੱਦੀ ਰਾਜਾਂ ਲਈ ਪੂਰੀ ਤਰ੍ਹਾਂ ਨਿਰਾਸ਼ਾਜਨਕ ਸਾਬਤ ਹੋਇਆ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਹਮੇਸ਼ਾਂ ਦੀ ਤਰ੍ਹਾਂ ਇਸ ਵਾਰ ਵੀ ਬਜਟ ਨੂੰ ਚੋਣੀ ਲਾਭਾਂ ਅਤੇ ਚੁਣਿੰਦੇ ਉਦਯੋਗਪਤੀਆਂ ਦੇ ਹਿਤਾਂ ਤੱਕ ਸੀਮਤ ਰੱਖਿਆ ਹੈ, ਜਦਕਿ ਮਹਿੰਗਾਈ ਨਾਲ ਜੂਝ ਰਹੇ ਆਮ ਘਰਾਂ ਲਈ ਕੋਈ ਠੋਸ ਰਾਹਤ ਨਹੀਂ ਦਿੱਤੀ ਗਈ। ਨਾ ਹੀ ਨੌਜਵਾਨਾਂ ਦੀ ਬੇਰੁਜ਼ਗਾਰੀ, ਕਿਸਾਨਾਂ ਦੀ ਆਮਦਨ ਅਤੇ ਦਲਿਤ ਵਰਗ ਦੀ ਭਲਾਈ ਲਈ ਕੋਈ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਉਦੇਵੀਰ ਸਿੰਘ ਜਗਾ ਨੇ ਕਿਹਾ ਕਿ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੀਮਤ ਸਾਧਨਾਂ ਦੇ ਬਾਵਜੂਦ ਲੋਕ-ਹਿਤੈਸ਼ੀ ਨੀਤੀਆਂ ਰਾਹੀਂ ਸਿੱਖਿਆ, ਸਿਹਤ ਅਤੇ ਸਮਾਜਕ ਭਲਾਈ ਨੂੰ ਪਹਿਲ ਦੇ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰੀ ਬਜਟ ਵਿੱਚ ਪੰਜਾਬ ਲਈ ਕਿਸੇ ਵੀ ਨਵੇਂ ਪ੍ਰੋਜੈਕਟ ਜਾਂ ਵਿੱਤੀ ਪੈਕੇਜ ਦਾ ਐਲਾਨ ਨਾ ਕਰਨਾ ਮੋਦੀ ਸਰਕਾਰ ਦੀ ਰਾਜ ਵਿਰੋਧੀ ਸੋਚ ਨੂੰ ਬੇਨਕਾਬ ਕਰਦਾ ਹੈ। ‘ਆਪ’ ਦੇ ਸੀਨੀਅਰ ਆਗੂ ਨੇ ਕਿਹਾ ਕਿ ਜਦੋਂ ਪੰਜਾਬ ਸਰਕਾਰ ਆਮ ਆਦਮੀ ਕਲੀਨਿਕਾਂ, ਮੁਫ਼ਤ ਬਿਜਲੀ, ਸਕੂਲਾਂ ਅਤੇ ਕਾਲਜਾਂ ਵਿੱਚ ਸੁਧਾਰ ਵਰਗੇ ਕਦਮ ਚੁੱਕ ਰਹੀ ਹੈ, ਉਸ ਸਮੇਂ ਕੇਂਦਰ ਵੱਲੋਂ ਵਿੱਤੀ ਸਹਿਯੋਗ ਦੀ ਕਮੀ ਰਾਜ ਦੀ ਤਰੱਕੀ ਵਿੱਚ ਰੁਕਾਵਟ ਬਣ ਰਹੀ ਹੈ। ਉਨ੍ਹਾਂ ਅਖੀਰ ’ਚ ਕਿਹਾ ਕਿ ਪੰਜਾਬ ਦੀ ਜਨਤਾ ਹੁਣ ਸੱਚ ਨੂੰ ਸਮਝ ਚੁੱਕੀ ਹੈ ਅਤੇ ਸਮਾਂ ਆਉਣ ’ਤੇ ਮੋਦੀ ਸਰਕਾਰ ਦੀ ਲੋਕ ਵਿਰੋਧੀ ਨੀਤੀਆਂ ਦਾ ਮੋਹਤੋੜ ਜਵਾਬ ਦੇਵੇਗੀ। ਇਸ ਮੌਕੇ ਸੀਨੀਅਰ ਆਗੂ ਨਵਦੀਪ ਸਿੰਘ ਗੋਲਡੀ ਗਿੱਲ, ਅਵਤਾਰ ਸਿੰਘ ਪ੍ਰਧਾਨ ਟਰੱਕ ਯੂਨੀਅਨ, ਗਗਨਦੀਪ ਸਿੰਘ ਬਹਿਣੀਵਾਲ, ਰੇਸ਼ਮ ਸਿੰਘ ਜੈਲਦਾਰ, ਬਲਜਿੰਦਰ ਸਿੰਘ ਬਹਿਮਣ, ਕੁਲਵੰਤ ਸਿੰਘ ਸੀਂਗੋ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਪ ਆਗੂ ਹਾਜ਼ਰ ਸਨ।