ਸਹਿਕਾਰੀ ਸਭਾ ਦੇ ਸੇਲ ਮੈਨੇਜਰ ਵੱਲੋਂ ਲੱਖਾਂ ਰੁਪਏ ਦਾ ਘਪਲਾ
ਸਹਿਕਾਰੀ ਸਭਾ ਦੇ ਸੇਲ ਮੈਨੇਜਰ ਵੱਲੋਂ ਲੱਖਾਂ ਰੁਪਏ ਦਾ ਗਬਨ
Publish Date: Sat, 07 Feb 2026 05:16 PM (IST)
Updated Date: Sun, 08 Feb 2026 04:03 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਦੇ ਪਿੰਡ ਨਥੇਹਾ ਵਿੱਚ ਬਹੁਮੰਤਵੀਂ ਸਹਿਕਾਰੀ ਸਭਾ ਵਿੱਚ ਸੇਲ ਮੈਨੇਜਰ ਵੱਲੋਂ ਲੱਖਾਂ ਰੁਪਏ ਦੇ ਗਬਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਮਾਮਲੇ ’ਚ ਸਹਿਕਾਰੀ ਸਭਾ ਦੇ ਸੇਲ ਮੈਨੇਜਰ ਅਵਤਾਰ ਸਿੰਘ ਵਾਸੀ ਕਲਾਲਵਾਲਾ ਖਿਲਾਫ ਕੇਸ ਦਰਜ ਕਰ ਲਿਆ ਹੈ, ਪਰ ਅਜੇ ਤਕ ਉਸਦੀ ਗ੍ਰਿਫਤਾਰੀ ਨਹੀਂ ਹੋਈ। ਇਹ ਕੇਸ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਫਿਰੋਜ਼ਪੁਰ ਮੰਡਲ ਫਿਰੋਜ਼ਪੁਰ ਦੀ ਸ਼ਿਕਾਇਤ ਤੋਂ ਬਾਅਦ ਦਰਜ ਕੀਤਾ ਗਿਆ ਹੈ। ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਫਿਰੋਜ਼ਪੁਰ ਨੇ ਪੁਲਿਸ ਨੂੰ ਲਿਖੇ ਪੱਤਰ ਵਿੱਚ ਦੱਸਿਆ ਕਿ ਸਹਿਕਾਰੀ ਸਭਾ ਨਥੇਹਾ ’ਚ ਘਪਲੇ ਦੀ ਸ਼ਿਕਾਇਤ ਪ੍ਰਾਪਤ ਹੋਈ ਸੀ, ਜਿਸ ਤੋਂ ਬਾਅਦ ਵਿਭਾਗ ਨੇ ਇਸ ਦੀ ਜਾਂਚ ਕਰਵਾਈ ਤਾਂ ਪਤਾ ਲੱਗਾ ਕਿ ਇੱਥੇ ਲੱਖਾਂ ਰੁਪਏ ਦਾ ਗਬਨ ਹੋਇਆ ਹੈ। ਉਨ੍ਹਾਂ ਪੱਤਰ ਵਿੱਚ ਦੱਸਿਆ ਕਿ ਇਹ ਗਬਨ ਸਹਿਕਾਰੀ ਸਭਾ ਵਿੱਚ ਤੈਨਾਤ ਸੇਲ ਮੈਨੇਜਰ ਅਵਤਾਰ ਸਿੰਘ ਵੱਲੋਂ ਕੀਤਾ ਗਿਆ ਹੈ। ਪੱਤਰ ’ਚ ਸਹਾਇਕ ਰਜਿਸਟਰਾਰ ਨੇ ਦੱਸਿਆ ਕਿ ਸਾਲ 1997 ਤੋਂ 2000 ਤਕ ਸੇਲ ਮੈਨੇਜਰ ਨੇ 1 ਲੱਖ 10 ਹਜਾਰ 249 ਰੁਪਏ ਦਾ ਘਪਲਾ ਕੀਤਾ ਹੈ। ਉਨ੍ਹਾਂ ਮੁਲਜਮ ਖਿਲਾਫ ਕੇਸ ਦਰਜ ਕਰਨ ਦੀ ਸਿਫਾਰਸ਼ ਕੀਤੀ ਸੀ। ਥਾਣਾ ਤਲਵੰਡੀ ਸਾਬੋ ਦੇ ਸਹਾਇਕ ਥਾਣੇਦਾਰ ਕੁਲਵਿੰਦਰ ਸਿੰਘ ਅਨੁਸਾਰ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਦੀ ਸ਼ਿਕਾਇਤ ਤੋਂ ਬਾਅਦ ਸਹਿਕਾਰੀ ਸਭਾ ਨਥੇਹਾ ਦੇ ਸੇਲ ਮੈਨੇਜਰ ਅਵਤਾਰ ਸਿੰਘ ਵਾਸੀ ਕਲਾਲਵਾਲਾ ਖਿਲਾਫ ਧੋਖਾ ਧੜੀ ਦੀਆਂ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ। ਜ਼ਿਕਰਯੋਗ ਹੈ ਕਿ ਇਕ ਹਫ਼ਤਾ ਪਹਿਲਾਂ ਸਹਿਕਾਰੀ ਸਭਾ ਖੇਮੂਆਣਾ ਦੇ ਸਕੱਤਰ ਗੁਰਵਿੰਦਰ ਸਿੰਘ ਖਿਲਾਫ਼ ਵੀ ਲੱਖਾਂ ਰੁਪਏ ਦੇ ਗਬਨ ਦਾ ਮਾਮਲਾ ਦਰਜ ਕੀਤਾ ਗਿਆ ਸੀ।