ਗੁਰੂਘਰ ਦੇ ਬਾਹਰ ਹੋਏ ਕਤਲ ਨੇ ਖੋਲ੍ਹੀ ਕਾਨੂੰਨ ਪ੍ਰਬੰਧਾਂ ਦੀ ਪੋਲ : ਹਰਸਿਮਰਤ ਬਾਦਲ
ਗੁਰੂ ਘਰ ਦੇ ਬਾਹਰ ਦਿਨ ਦਿਹਾੜੇ ਕਤਲ ਨੇ ਸਰਕਾਰੀ ਕਾਨੂੰਨ-ਵਿਵਸਥਾ ਦੀ ਖੋਲ੍ਹੀ ਪੋਲ : ਬੀਬਾ ਹਰਸਿਮਰਤ ਕੌਰ ਬਾਦਲ
Publish Date: Sat, 07 Feb 2026 05:11 PM (IST)
Updated Date: Sun, 08 Feb 2026 04:03 AM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ
ਲੋਕ ਸਭਾ ਹਲਕਾ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਨੇ ਜਲੰਧਰ ਵਿਖੇ ਗੁਰੂਘਰ ਦੇ ਬਾਹਰ ਦਿਨ-ਦਿਹਾੜੇ ‘ਆਪ’ ਦੇ ਆਗੂ ਲੱਕੀ ਉਬਰਾਏ ਦੇ ਗੋਲੀਆਂ ਮਾਰ ਕੇ ਕੀਤੇ ਕਤਲ ਨੂੰ ਲੈ ਕੇ ਭਗਵੰਤ ਮਾਨ ਸਰਕਾਰ ’ਤੇ ਤਿੱਖਾ ਹਮਲਾ ਬੋਲਿਆ ਹੈ। ਇਹ ਘਟਨਾ ਸਾਫ਼ ਦਰਸਾਉਂਦੀ ਹੈ ਕਿ ਪੰਜਾਬ ਵਿਚ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਢਹਿ ਚੁੱਕੀ ਹੈ ਤੇ ਗੈਂਗਸਟਰਾਂ ਨੂੰ ਖਤਮ ਕਰਨ ਦੇ ਸਰਕਾਰੀ ਦਾਅਵੇ ਸਿਰਫ਼ ਝੂਠੇ ਡਰਾਮੇ ਸਾਬਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਲੱਕੀ ਉਬਰਾਏ ਆਪਣੇ ਪਰਿਵਾਰ ਸਮੇਤ ਗੁਰੂ ਘਰ ਮੱਥਾ ਟੇਕਣ ਆਇਆ ਸੀ, ਪਰ ਗੁਰੂਘਰ ਵਰਗੇ ਪਵਿੱਤਰ ਸਥਾਨ ਦੇ ਬਾਹਰ ਹੀ ਉਸ ਦਾ ਕਤਲ ਹੋ ਜਾਣਾ ਸੂਬੇ ਦੀ ਸੁਰੱਖਿਆ ਪ੍ਰਣਾਲੀ ਉੱਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਲੋਕ ਆਪਣੇ ਗੁਰੂ ਘਰਾਂ ਵਿਚ ਵੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ, ਜੋ ਕਿ ਬਹੁਤ ਹੀ ਸ਼ਰਮਨਾਕ ਗੱਲ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ‘ਆਪ’ ਦੀ ਸਰਕਾਰ ਤੇ ਦਿੱਲੀ ਤੋਂ ਚਲ ਰਹੀ ‘ਆਪ’ ਦੀ ਹਾਈ ਕਮਾਂਡ ਨੇ ਪੰਜਾਬ ਨੂੰ ਅਪਰਾਧੀਆਂ ਦੇ ਹਵਾਲੇ ਕਰ ਦਿੱਤਾ ਹੈ। ਅਪਰਾਧੀ ਬੇਖੌਫ਼ ਹੋ ਕੇ ਦਿਨ-ਦਿਹਾੜੇ ਕਤਲ ਕਰ ਰਹੇ ਹਨ, ਜਦਕਿ ਸਰਕਾਰ ਸਿਰਫ਼ ਪ੍ਰੈੱਸ ਕਾਨਫਰੰਸਾਂ ਅਤੇ ਬਿਆਨਾਂ ਤਕ ਸੀਮਤ ਰਹਿ ਗਈ ਹੈ। ਬੀਬਾ ਬਾਦਲ ਨੇ ਕਿਹਾ ਕਿ ਜਦੋਂ ਆਪ ਦੇ ਆਪਣੇ ਆਗੂ ਹੀ ਸੁਰੱਖਿਅਤ ਨਹੀਂ ਹਨ ਤਾਂ ਆਮ ਲੋਕਾਂ ਦੀ ਸੁਰੱਖਿਆ ਦੀ ਗਾਰੰਟੀ ਕੌਣ ਦੇਵੇਗਾ। ਬਾਦਲ ਨੇ ਕਿਹਾ ਕਿ ਕੇਜਰੀਵਾਲ ਦੀਆਂ ਨਾਕਾਮ ਨੀਤੀਆਂ ਤੇ ਭਗਵੰਤ ਮਾਨ ਦੀ ਕਮਜ਼ੋਰ ਅਗਵਾਈ ਨੇ ਪੰਜਾਬ ਨੂੰ ਡਰ ਦੇ ਮਾਹੌਲ ’ਚ ਧੱਕ ਦਿੱਤਾ ਹੈ। ਜੇਕਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿੱਚ ਥੋੜ੍ਹੀ ਵੀ ਨੈਤਿਕ ਜ਼ਿੰਮੇਵਾਰੀ ਬਾਕੀ ਹੈ ਤਾਂ ਉਨ੍ਹਾਂ ਨੂੰ ਤੁਰੰਤ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ। ਬੀਬਾ ਬਾਦਲ ਨੇ ਦੋਹਰਾਇਆ ਕਿ ਸ੍ਰੋਮਣੀ ਅਕਾਲੀ ਦਲ ਪੰਜਾਬ ਦੀ ਸ਼ਾਂਤੀ, ਗੁਰੂਘਰਾਂ ਦੀ ਮਰਿਆਦਾ ਤੇ ਲੋਕਾਂ ਦੀ ਸੁਰੱਖਿਆ ਲਈ ਹਰ ਮੰਚ ’ਤੇ ਸੰਘਰਸ਼ ਕਰਦਾ ਰਹੇਗਾ।