ਮਾਤਾ ਸਾਹਿਬ ਕੌਰ ਗਰਲਜ਼ ਕਾਲਜ ’ਚ ਦਿੱਤੀ ਫਸਟ ਏਡ ਟ੍ਰੇਨਿੰਗ
ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਵਿਖੇ ਫਸਟ ਏਡ ਟ੍ਰੇਨਿੰਗ ਪ੍ਰੋਗਰਾਮ
Publish Date: Sat, 07 Feb 2026 05:04 PM (IST)
Updated Date: Sun, 08 Feb 2026 04:02 AM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਚੱਲ ਰਹੀ ਇਲਾਕੇ ਦੀ ਨਾਮਵਾਰ ਸੰਸਥਾ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਵਿਖੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਸਕੱਤਰ (ਵਿੱਦਿਆ) ਇੰਜੀ. ਸੁਖਮਿੰਦਰ ਸਿੰਘ ਦੀ ਦੂਰਦਰਸ਼ੀ ਸੋਚ ਅਤੇ ਕਾਲਜ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਰੈਡ ਰਿਬਨ ਕਲੱਬ ਅਤੇ ਐਨਐਸਐਸ ਵਿਭਾਗ ਵੱਲੋਂ ਫਸਟ ਏਡ ਟ੍ਰੇਨਿੰਗ ਪ੍ਰੋਗਰਾਮ ਸਫਲਤਾਪੂਰਵਕ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਮੁੱਖ ਬੁਲਾਰੇ ਨਰੇਸ਼ ਪਠਾਣੀਆਂ ਨੇ ਵਿਦਿਆਰਥਣਾਂ ਨੂੰ ਫਸਟ ਏਡ ਦੀ ਮਹੱਤਤਾ ਬਾਰੇ ਜਾਣੂ ਕਰਵਾਉਂਦੇ ਹੋਏ ਜ਼ਖ਼ਮਾਂ ਦੀ ਸੰਭਾਲ, ਬੇਹੋਸ਼ੀ ਦੀ ਸਥਿਤੀ, ਅੱਗ ਲੱਗਣ ਅਤੇ ਹਾਦਸਿਆਂ ਦੌਰਾਨ ਤੁਰੰਤ ਦਿੱਤੀ ਜਾਣ ਵਾਲੀ ਮਦਦ ਸੰਬੰਧੀ ਵਿਸਥਾਰਪੂਰਕ ਅਤੇ ਵਿਹਾਰਕ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਨੇ ਕਿਹਾ ਕਿ ਸਹੀ ਸਮੇਂ ’ਤੇ ਦਿੱਤੀ ਗਈ ਫਸਟ ਏਡ ਕਈ ਵਾਰ ਜੀਵਨ ਬਚਾਉਣ ਵਿੱਚ ਮਦਦਗਾਰ ਸਾਬਤ ਹੁੰਦੀ ਹੈ। ਟ੍ਰੇਨਿੰਗ ਦੌਰਾਨ ਵਿਦਿਆਰਥਣਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਪ੍ਰਯੋਗਾਤਮਕ ਤਰੀਕੇ ਨਾਲ ਫਸਟ ਏਡ ਦੇ ਵੱਖ-ਵੱਖ ਤਰੀਕੇ ਸਿੱਖੇ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਅਜਿਹੇ ਸਾਰਥਕ ਪ੍ਰੋਗਰਾਮਾਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਹ ਟ੍ਰੇਨਿੰਗ ਵਿਦਿਆਰਥਣਾਂ ਵਿੱਚ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਵਿਕਸਿਤ ਕਰਦੀ ਹੈ ਅਤੇ ਉਨ੍ਹਾਂ ਨੂੰ ਐਮਰਜੈਂਸੀ ਹਾਲਾਤਾਂ ਵਿੱਚ ਸਹੀ ਫੈਸਲੇ ਲੈਣ ਯੋਗ ਬਣਾਉਂਦੀ ਹੈ। ਪ੍ਰੋਗਰਾਮ ਦੇ ਅੰਤ ਵਿੱਚ ਆਯੋਜਕਾਂ ਵੱਲੋਂ ਮਹਿਮਾਨ ਬੁਲਾਰੇ ਦਾ ਧੰਨਵਾਦ ਕੀਤਾ। ਇਸ ਮੌਕੇ ਕਾਲਜ ਦੇ ਅਧਿਆਪਕਾਂ ਸਮੇਤ ਵੱਡੀ ਗਿਣਤੀ ਵਿਚ ਵਿਦਿਆਰਥਣਾਂ ਹਾਜ਼ਰ ਰਹੀਆਂ।