ਕਿਸਾਨਾਂ ’ਤੇ ਲਾਠੀਚਾਰਜ ਤੇ ਹੰਝੂ ਗੈਸ ਦੇ ਗੋਲੇ ਸੁੱਟਣਾ ਸੱਚ ਨੂੰ ਦਬਾਉਣਾ : ਆਗੂ
ਕਿਸਾਨਾਂ ਉੱਤੇ ਬੇਤਹਾਸ਼ਾ ਲਾਠੀਚਾਰਜ ਅਤੇ ਅੱਥਰੂ ਗੈਸ ਦੇ ਗੋਲੇ ਸੁੱਟਣਾ ਨਿਆਂ ਦੀ ਆਵਾਜ਼ ਨੂੰ ਦਬਾਉਣਾ -- ਆਗੂ
Publish Date: Sat, 07 Feb 2026 04:44 PM (IST)
Updated Date: Sun, 08 Feb 2026 04:11 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਅੱਜ ਬਠਿੰਡਾ ਵਿੱਚ ਲੰਮੇ ਸਮੇਂ ਤੋਂ ਫ਼ਰਜ਼ੀ ਕੇਸਾਂ ਵਿੱਚ ਬੰਦ ਕੀਤੇ ਕਿਸਾਨ ਆਗੂਆਂ ਦੀ ਰਿਹਾਈ ਨੂੰ ਲੈ ਕੇ ਦਿੱਤੇ ਜਾ ਰਹੇ ਧਰਨੇ, ਅਤੇ ਰੋਸ ਪਰਗਟ ਕਰਨ ਆ ਰਹੇ ਕਿਸਾਨਾਂ ਉੱਤੇ ਪੁਲਿਸ ਵਲੋਂ ਕੀਤਾ ਗਿਆ, ਬੇਤਹਾਸ਼ਾ ਲਾਠੀਚਾਰਜ ਤੇ ਹੰਝੂ ਗੈਸ ਦੇ ਗੋਲੇ ਸੁੱਟ ਕੇ ਖਿੰਡਾਉਣ ਦੀ ਕਾਰਵਾਈ ਅਤਿ ਨਿੰਦਣਯੋਗ ਹੈ, ਅਤੇ ਇਹ ਨਿਆਂ ਦੀ ਮੰਗ ਦਾ ਗਲਾ ਘੁੱਟਣ ਦੇ ਸਮਾਨ ਹੈ। ਜਮਹੂਰੀ ਅਧਿਕਾਰ ਸਭਾ ਪੰਜਾਬ ਸਰਕਾਰ ਦੇ ਇਸ ਜਾਬਰ ਰਵੱਈਏ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ, ਅਤੇ ਆਪਣੀਆਂ ਸਾਰੀਆਂ ਇਕਾਈਆਂ ਤੇ ਜਮਹੂਰੀਅਤ ਪਸੰਦ ਤਾਕਤਾਂ ਨੂੰ ਇਸ ਵਿਰੁੱਧ ਹਰ ਸੰਭਵ ਢੰਗ ਨਾਲ ਰੋਸ ਪ੍ਰਗਟ ਕਰਨ ਦਾ ਸੱਦਾ ਦਿੰਦੀ ਹੈ। ਪ੍ਰਧਾਨ ਜਗਮੋਹਨ ਸਿੰਘ, ਸੱਕਤਰ ਪ੍ਰਿਤਪਾਲ ਸਿੰਘ ਤੇ ਸਕੱਤਰੇਤ ਮੈਂਬਰ ਡਾ. ਅਜੀਤਪਾਲ ਸਿੰਘ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਪਿੰਡ ਚਾਉਕੇ ਵਿੱਚ ਸਕੂਲ ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ ਨੂੰ ਲੈ ਕੇ ਚਲੇ ਸੰਘਰਸ਼ ਵਿਚ ਕੁਝ ਕਿਸਾਨ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿਚ ਬੰਦ ਕੀਤਾ ਹੋਇਆ ਹੈ। ਸਰਕਾਰ ਦੀ ਇਹ ਨੀਤੀ ਸੰਘਰਸ਼ ਕਰਦੇ ਲੋਕਾਂ ਨੂੰ ਦਬਾਉਣਾ ਤੇ ਪਰੇਸ਼ਾਨ ਕਰਨ ਦੀ ਹੈ। ਬੁਖਲਾਹਟ ਵਿਚ ਆਈ ਸੂਬਾ ਸਰਕਾਰ ਨੇ ਪਹਿਲਾਂ ਤਾਂ ਰਾਤ ਭਰ ਮਾਲਵੇ ਦੇ ਪ੍ਰਸਿੱਧ ਕਿਸਾਨ ਆਗੂਆਂ ਦੇ ਘਰਾਂ ’ਚ ਛਾਪੇਮਾਰੀ ਕੀਤੀ ਅਤੇ ਜਦੋਂ ਪਿੰਡਾਂ ਵਿਚੋਂ ਵੱਡੀ ਗਿਣਤੀ ਵਿਚ ਕਿਸਾਨ ਧਰਨੇ ਵਾਲੀ ਥਾਂ ਵੱਲ ਆ ਰਹੇ ਸਨ, ਤਾਂ ਕਿਸਾਨਾਂ ’ਤੇ ਬਤਹਾਸ਼ਾ ਲਾਠੀਚਾਰਜ ਕੀਤਾ ਅਤੇ ਹੰਝੂ ਗੈਸ ਦੇ ਗੋਲੇ ਸੁੱਟ ਕੇ ਰੋਕਣ ਦੀ ਕੋਸ਼ਿਸ਼ ਕੀਤੀ। ਬੁਲਾਰਿਆਂ ਨੇ ਕਿਹਾ ਕਿ ਨਿਆਂ ਦੀ ਮੰਗ ਨੂੰ ਲੈਕੇ ਰੋਸ ਪਰਗਟ ਕਰਨਾ ਲੋਕਾਂ ਦਾ ਬੁਨਿਆਦੀ ਹੱਕ ਹੈ, ਸਰਕਾਰ ਨੇ ਪੁਲਿਸ ਦੀ ਅੰਨ੍ਹੀ ਵਰਤੋਂ ਕਰਕੇ ਨਾ ਸਿਰਫ ਉਨ੍ਹਾਂ ਦੇ ਇਸ ਅਧਿਕਾਰ ਨੂੰ ਕੁਚਲਿਆ ਹੈ, ਸਗੋਂ ਲੋਕਾਂ ਦੀ ਆਵਾਜ਼ ਤੇ ਸੰਘਰਸ਼ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਹੈ। ਚਾਹੀਦਾ ਤਾਂ ਇਹ ਸੀ ਕਿ ਸਰਕਾਰ ਤੇ ਅਧਿਕਾਰੀ ਇਸ ਮਸਲੇ ਨੂੰ ਗੱਲਬਾਤ ਰਾਹੀਂ ਹੱਲ ਕਰਦੇ, ਪਰ ਹਕੂਮਤ ਵੱਲੋਂ ਵਰਤੀ ਅੰਨ੍ਹੀ ਤਾਕਤ ਨੇ ਮਸਲੇ ਨੂੰ ਹੋਰ ਪੇਚੀਦਾ ਬਣਾ ਦਿੱਤਾ ਹੈ।