ਕਬਜ਼ਾ ਕਰਨ ਦੀ ਨੀਅਤ ਨਾਲ ਘਰ ਢਾਹੁਣ ’ਤੇ 11 ਖ਼ਿਲਾਫ਼ ਕੇਸ
ਜਮੀਨ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਘਰ ਢਾਹਿਆ
Publish Date: Sat, 07 Feb 2026 04:35 PM (IST)
Updated Date: Sun, 08 Feb 2026 04:02 AM (IST)
ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ ਜ਼ਿਲ੍ਹੇ ਦੇ ਪਿੰਡ ਮੰਡੀ ਖੁਰਦ ’ਚ 11 ਵਿਅਕਤੀਆਂ ਨੇ ਜਮੀਨ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਇਕ ਔਰਤ ਦਾ ਮਕਾਨ ਢਾਹ ਦਿੱਤਾ। ਪੁਲਿਸ ਨੇ ਇਸ ਮਾਮਲੇ ਵਿੱਚ 11 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ, ਪਰ ਅਜੇ ਤਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ। ਜਾਣਕਾਰੀ ਅਨੁਸਾਰ ਥਾਣਾ ਬਾਲਿਆਂਵਾਲੀ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਪਰਮਜੀਤ ਕੌਰ ਵਾਸੀ ਮੰਡੀ ਖੁਰਦ ਨੇ ਦੱਸਿਆ ਕਿ ਜਸਕਰਨ ਸਿੰਘ, ਪਰਮਜੀਤ ਕੌਰ ਵਾਸੀ ਪਿੰਡ ਫਤਿਹਪੁਰ ਮੰਨੀਆ, ਜਰਮਨ ਸਿੰਘ, ਅਮਰੀਕ ਸਿੰਘ ਵਾਸੀ ਪਿੰਡ ਥੇੜੀ, ਕੁਲਵਿੰਦਰ ਸਿੰਘ ਅਤੇ ਗੁਰਦੀਪ ਸਿੰਘ ਵਾਸੀ ਪਿੰਡ ਥੰਮਣਗੜ੍ਹ ਆਪਣੇ ਚਾਰ ਅਣਪਛਾਤੇ ਸਾਥੀਆਂ ਸਮੇਤ ਆਏ ਅਤੇ ਖੇਤ ਵਿੱਚ ਲੱਗੇ ਦਰੱਖਤ ਪੁੱਟ ਦਿੱਤੇ ਜਦੋਂ ਕਿ ਉਸ ਦਾ ਮਕਾਨ ਵੀ ਢਾਹ ਦਿੱਤਾ ਗਿਆ। ਪੀੜਤ ਨੇ ਦੱਸਿਆ ਕਿ ਇਸ ਦੌਰਾਨ ਜਦੋਂ ਉਸਨੇ ਮੁਲਜਮਾਂ ਨੂੰ ਅਜਿਹਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਧਮਕੀਆਂ ਦਿੱਤੀਆਂ। ਥਾਣਾ ਬਾਲਿਆਂਵਾਲੀ ਦੇ ਸਹਾਇਕ ਥਾਣੇਦਾਰ ਜਗਜੀਤ ਸਿੰਘ ਨੇ ਦੱਸਿਆ ਕਿ ਸਾਰੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਹੈ।