ਕਿਸਾਨਾਂ ਨੇ ਪੈਦਲ ਹੀ ਬਠਿੰਡਾ ਵੱਲ ਮਾਰਚ ਕੀਤਾ ਸ਼ੁਰੂ, ਕਿਸਾਨਾਂ ਨੂੰ ਰੋਕਣ ਲਈ ਪੁਲਿਸ ਨੇ ਛੱਡੇ ਹੰਝੂ ਗੈਸ ਦੇ ਗੋਲੋ
ਕਿਸਾਨਾਂ ਨੇ ਪੈਦਲ ਹੀ ਬਠਿੰਡਾ ਵੱਲ ਮਾਰਚ ਕੀਤਾ ਸ਼ੁਰੂ, ਕਿਸਾਨਾਂ ਨੂੰ ਰੋਕਣ ਲਈ ਪੁਲਿਸ ਨੇ ਛੱਡੇ ਅੱਥਰੂ ਗੈਸ ਦੇ ਗੋਲੋ
Publish Date: Fri, 06 Feb 2026 07:11 PM (IST)
Updated Date: Sat, 07 Feb 2026 04:08 AM (IST)

* ਪੁਲਿਸ ਨੇ ਵਹੀਕਲ ਖੜ੍ਹੇ ਕਰ ਕੇ ਬਠਿੰਡਾ-ਚੰਡੀਗੜ੍ਹ ਸੜਕ ਨੂੰ ਕੀਤਾ ਜਾਮ, ਐਂਬੂਲੈਂਸਾਂ ਤੇ ਸਕੂਲੀ ਬੱਸਾਂ ਜਾਮ ’ਚ ਫ਼ਸੀਆਂ ਫੋਟੋ:22,23,24,25,26,27 ਕੈਪਸ਼ਨ : ਬਠਿੰਡਾ ਵੱਲ ਵੱਧ ਰਹੇ ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲੇ ਦਾਗਦੀ ਹੋਈ ਪੁਲਿਸ ਕੈਪਸ਼ਨ : ਬਠਿੰਡਾ ਵੱਲ ਵਧਣ ਲਈ ਤਿਆਰ ਬਰ ਤਿਆਰ ਖੜ੍ਹੇ ਕਿਸਾਨ ਕੈਪਸ਼ਨ : ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਲੱਗਾ ਹੋਇਆ ਵਾਹਨਾਂ ਦਾ ਜਾਮ ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ ਰਾਮਪੁਰਾ ਫੂਲ : ਜੇਲ੍ਹ ’ਚ ਬੰਦ ਦੋ ਕਿਸਾਨ ਆਗੂਆਂ ਦੀ ਰਿਹਾਈ ਲਈ ਬਠਿੰਡਾ ਦੇ ਡੀਸੀ ਦਫ਼ਤਰ ਦਾ ਘਿਰਾਓ ਕਰਨ ਲਈ ਪੈਦਲ ਅੱਗੇ ਵਧ ਰਹੇ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਨੇ ਹੰਝੂ ਗੈਸ ਦੇ ਗੋਲੇ ਦਾਗ਼ ਦਿੱਤੇ। ਇੱਥੇ ਪੁਲਿਸ ਤੇ ਕਿਸਾਨ ਬਿਲਕੁੱਲ ਇਕ-ਦੂਜੇ ਦੇ ਆਹਮੋ-ਸਾਹਮਣੇ ਆ ਗਏ ਅਤੇ ਟਰਕਾਅ ਹੋਰ ਵਧਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕਿਸਾਨਾਂ ਨੂੰ ਰੋਕਣ ਲਈ ਪੁਲਿਸ ਨੇ ਪਹਿਲਾਂ ਹੀ ਜ਼ਿਲ੍ਹੇ ਅੰਦਰ ਪੂਰੀ ਤਰ੍ਹਾਂ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਵੱਡੀ ਗਿਣਤੀ ਕਿਸਾਨ ਪਿੰਡ ਜੇਠੂਕੇ ਨੇੜੇ ਇਕੱਠੇ ਹੋ ਗਏ ਤੇ ਉਨ੍ਹਾਂ ਆਪਣੇ ਵਹੀਕਲ ਉਥੇ ਹੀ ਛੱਡਦਿਆਂ ਪੈਦਲ ਬਠਿੰਡਾ ਵੱਲ ਵਧਣਾ ਸ਼ੁਰੂ ਕਰ ਦਿੱਤਾ। ਪੁਲਿਸ ਨੇ ਬਠਿੰਡਾ ਨੈਸ਼ਨਲ ਹਾਈਵੇ ’ਤੇ ਪਿੰਡ ਜੇਠੂਕੇ ਨੇੜੇ ਲਸਾੜਾ ਡਰੇਨ ਉੱਪਰ ਬੈਰੀਕੇਡ ਲਗਾ ਕੇ ਸਖ਼ਤ ਨਾਕਾਬੰਦੀ ਕੀਤੀ ਹੋਈ ਸੀ। ਜਦੋਂ ਕਿਸਾਨ ਲਗਾਤਾਰ ਅੱਗੇ ਵੱਧ ਰਹੇ ਸਨ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਲਈ ਵੱਡੀ ਗਿਣਤੀ ’ਚ ਹੰਝੂ ਗੈਸ ਦੇ ਗੋਲੇ ਛੱਡੇ, ਜਿਸ ਕਾਰਨ ਸਥਿਤੀ ਤਣਾਅ ਪੂਰਨ ਬਣੀ ਰਹੀ। ਇਸ ਘਟਨਾ ਤੋਂ ਬਾਅਦ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ਪੂਰੀ ਤਰ੍ਹਾਂ ਜਾਮ ਹੋ ਗਿਆ, ਜਿਸ ਕਾਰਨ ਲੋਕਾਂ ਨੂੰ ਘੰਟਿਆਂਬੱਧੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ। ਸਕੂਲੀ ਬੱਸਾਂ ਤੇ ਐਂਬੂਲੈਂਸਾਂ ਵੀ ਜਾਮ ’ਚ ਫਸੀਆਂ ਰਹੀਆਂ। ਤਣਾਅ ਪੂਰਨ ਸਥਿਤੀ ਤੇ ਕਿਸਾਨਾਂ ਦੇ ਹਮਲਾਵਰ ਰੁੱਖ ਨੂੰ ਦੇਖਦਿਆਂ ਪੁਲਿਸ ਨੇ ਖ਼ੁਦ ਹੀ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ਉੱਪਰ ਵੱਡੇ ਟਰੱਕ ਤੇ ਟਰਾਲੇ ਲਗਾ ਕੇ ਸੜਕ ਨੂੰ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਤਾਂ ਜੋ ਕਿਸਾਨ ਬਠਿੰਡਾ ਵੱਲ ਨਾ ਵੱਧ ਸਕਣ। ਹਾਲਾਂਕਿ ਹੰਝੂ ਗੈਸ ਦੇ ਗੋਲੇ ਛੱਡੇ ਜਾਣ ਨਾਲ ਕਿਸੇ ਦੇ ਵੀ ਜ਼ਖ਼ਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਇਸ ਤੋਂ ਬਾਅਦ ਕਿਸਾਨਾਂ ਨੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਧਰਨਾ ਲਗਾ ਦਿੱਤਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਉਹ ਆਪਣੇ ਦੋਵਾਂ ਆਗੂਆਂ ਨੂੰ ਜੇਲ੍ਹ ਵਿਚੋਂ ਰਿਹਾਅ ਕਰਾ ਕੇ ਹੀ ਦਮ ਲੈਣਗੇ। ਉਨ੍ਹਾਂ ਦੋਸ਼ ਲਾਇਆ ਕਿ ਕਿਸਾਨ ਸ਼ਾਂਤਮਈ ਤੌਰ ’ਤੇ ਡੀਸੀ ਦਫਤਰ ਅੱਗੇ ਧਰਨਾ ਦੇਣਾ ਚਾਹੁੰਦੇ ਸਨ, ਪਰ ਪੁਲਿਸ ਹੰਝੂ ਗੈਸ ਦੇ ਗੋਲੇ ਛੱਡ ਕੇ ਭੜਕਾਹਟ ਪੈਦਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਕੋਈ ਸੜਕ ਨਹੀਂ ਰੋਕੀ ਸਗੋਂ ਪੁਲਿਸ ਨੇ ਖੁਦ ਵੱਡੇ ਵਾਹਨ ਨੈਸ਼ਨਲ ਹਾਈਵੇ ਉੱਪਰ ਲਗਾ ਕੇ ਜਾਮ ਕੀਤਾ ਹੈ। ਕਿਸਾਨਾਂ ਦੇ ਵੱਡੇ ਇਕੱਠ ਨੂੰ ਦੇਖਦਿਆਂ ਬਠਿੰਡਾ ਦੀ ਐੱਸਐੱਸਪੀ ਡਾਕਟਰ ਜਯੋਤੀ ਯਾਦਬ ਬੈਂਸ ਨੇ ਖੁਦ ਸੁਰੱਖਿਆ ਦੀ ਕਮਾਂਡ ਸੰਭਾਲੀ ਹੋਈ ਸੀ। ਜਾਮ ਕਾਰਨ ਸੜਕ ’ਤੇ ਟ੍ਰੈਫਿਕ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਹਜ਼ਾਰਾਂ ਰਾਹਗੀਰ ਪੰਜ-ਪੰਜ ਘੰਟਿਆਂ ਤੱਕ ਸੜਕ ’ਤੇ ਫਸੇ ਰਹੇ।