ਜੇਲ੍ਹ ’ਚ ਬੰਦ ਆਗੂਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ : ਆਗੂ
ਕਿਸਾਨਾਂ ਆਗੂਆਂ ਦੇ ਘਰਾਂ ਤੇ ਛਾਪੇਮਾਰੀ ਜਮਹੂਰੀਅਤ ਦਾ ਕਤਲ: ਆਗੂ
Publish Date: Fri, 06 Feb 2026 05:59 PM (IST)
Updated Date: Sat, 07 Feb 2026 04:05 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਸਰਕਾਰ ਲੋਕਾਂ ਦੀਆਂ ਹੱਕੀ ਮੰਗਾਂ ਤੇ ਬੁਨਿਆਦੀ ਅਧਿਕਾਰਾਂ ਨੂੰ ਡੰਡੇ ਦੇ ਜ਼ੋਰ ਨਾਲ਼ ਦਬਾਉਣ ਦੇ ਰਾਹ ਪਈ ਹੋਈ ਹੈ। ਸੂਬੇ ਨੂੰ ਪੁਲਿਸ ਸਟੇਟ ਬਣਾ ਕੇ ਚਲਾਇਆ ਜਾ ਰਿਹਾ ਹੈ। ਡੈਮੋਕਰੈਟਿਕ ਟੀਚਰ ਫਰੰਟ ਦੇ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ, ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਦੇ ਘਰਾਂ ਵਿੱਚ ਪੰਜਾਬ ਪੁਲਿਸ ਵੱਲੋਂ ਤੜਕਸਾਰ ਕੀਤੀ ਛਾਪੇਮਾਰੀ ਅਤੇ ਕਿਸਾਨਾਂ ਦੀ ਫੜੋ ਫੜਾਈ ਦੀ ਸਖਤ ਸ਼ਬਦਾਂ ਵਿੱਚ ਨਖੇਧੀ ਕੀਤੀ ਹੈ। ‘ਆਪ’ ਦੀ ਸਰਕਾਰ ਵੱਲੋਂ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਅਤੇ ਹੋਰ ਕਿਰਤੀ ਲੋਕਾਂ ਤੇ ਹਰ ਰੋਜ਼ ਜ਼ਬਰ ਢਾਹਿਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਧਰਨਿਆਂ ਵਿੱਚੋਂ ਪੈਦਾ ਹੋਈ ਪਾਰਟੀ ਧਰਨਾ ਪ੍ਰਦਰਸ਼ਨ ਕਰਨ ਦੇ ਜਮਹੂਰੀ ਹੱਕਾਂ ਨੂੰ ਕਤਲ ਕਰ ਰਹੀ ਹੈ। ਜੇਲ੍ਹ ’ਚ ਬੰਦ ਦੋ ਕਿਸਾਨ ਆਗੂਆਂ ਵਿੱਚੋਂ ਇਕ ਕਿਸਾਨ ਆਗੂ ਨੂੰ ਤਾਂ ਉਸਦੀ ਮਾਤਾ ਦੇ ਸਸਕਾਰ ਤੇ ਮ੍ਰਿਤਕ ਦੇਹ ਨੂੰ ਅਗਨੀ ਭੇਂਟ ਕਰਨ ਦੀ ਇਜਾਜ਼ਤ ਹੀ ਨਹੀਂ ਦਿੱਤੀ ਗਈ। ਵਰਨਣਯੋਗ ਹੈ ਕਿ ਸਾਲ 2025 ਦੌਰਾਨ ਆਦਰਸ਼ ਸਕੂਲ ਚਾਉੰਕੇ ਦੀ ਕਥਿਤ ਭ੍ਰਿਸ਼ਟ ਮੈਨੇਜਮੈਂਟ ਖ਼ਿਲਾਫ਼ ਨੌਕਰੀ ਤੋਂ ਹਟਾਏ ਗਏ ਅਧਿਆਪਕਾਂ ਨੂੰ ਇਨਸਾਫ ਦਿਵਾਉਣ ਲਈ ਕਿਸਾਨ ਆਗੂਆਂ ਨੇ ਸੰਘਰਸ਼ ਕੀਤਾ ਸੀ। ਜਿਸ ਨੂੰ ਆਧਾਰ ਬਣਾ ਕੇ ਰੰਜਿਸ਼ ਤਹਿਤ ਇਨ੍ਹਾਂ ਦੋ ਕਿਸਾਨ ਆਗੂਆਂ ਤੇ ਪਰਚੇ ਦਰਜ਼ ਕੀਤੇ ਗਏ ਅਤੇ ਜਬਰੀ ਜੇਲ੍ਹ ਵਿੱਚ ਬੰਦ ਕੀਤਾ ਗਿਆ। ਆਗੂਆਂ ਦੀ ਰਿਹਾਈ ਲਈ ਕੀਤੇ ਜਾ ਰਹੇ ਜਮਹੂਰੀ ਪ੍ਰਦਰਸ਼ਨ ਨੂੰ ਦਬਾਉਣ ਲਈ ਕੱਲ੍ਹ ਤੜਕਸਾਰ ਕਿਸਾਨਾਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ ਗਈ ਪਰਿਵਾਰਕ ਮੈਂਬਰਾਂ ਨਾਲ਼ ਬਦਸਲੂਕੀ ਕੀਤੀ ਗਈ। ਅਧਿਆਪਕ ਆਗੂਆਂ ਨੇ ਮੰਗ ਕੀਤੀ ਕਿਸਾਨਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਨੂੰ ਤੁਰੰਤ ਬੰਦ ਕੀਤਾ ਜਾਵੇ, ਜੇਲ੍ਹ ਵਿੱਚ ਬੰਦ ਆਗੂਆਂ ਨੂੰ ਤੁਰੰਤ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ।