ਸੂਬਾ ਪੱਧਰੀ ਮੁਕਾਬਲੇ ਦੇ ਜੇਤੂ ਹੌਸਲੇ ਨਾਲ ਅੱਗੇ ਵਧਣ
ਰਾਜ ਪੱਧਰੀ ਹੁਨਰ ਮੁਕਾਬਲਿਆਂ ਦੇ ਜੇਤੂ ਖੇਤਰੀ ਪੱਧਰ ਮੁਕਾਬਲਿਆਂ ਲਈ ਹੌਂਸਲੇ ਨਾਲ ਅੱਗੇ ਵਧਣ
Publish Date: Fri, 06 Feb 2026 04:56 PM (IST)
Updated Date: Sat, 07 Feb 2026 04:03 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਸਰਕਾਰ ਦੇ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਇੰਡੀਆ ਸਕਿੱਲਸ 2025 ਕੰਪੀਟੀਸ਼ਨ ਤਹਿਤ ਦਸੰਬਰ 2025 ਦੌਰਾਨ ਵੱਖ-ਵੱਖ ਟਰੇਡਾਂ ਅਧੀਨ ਰਾਜ ਪੱਧਰੀ ਸਕਿੱਲ ਮੁਕਾਬਲੇ ਕਰਵਾਏ ਗਏ ਸਨ। ਇਨ੍ਹਾਂ ਮੁਕਾਬਲਿਆਂ ਵਿੱਚ ਜ਼ਿਲ੍ਹਾ ਬਠਿੰਡਾ ਦੇ ਕੁੱਲ 08 ਸਿਖਿਆਰਥੀਆਂ ਨੇ ਪਹਿਲਾ ਅਤੇ ਦੂਜਾ ਸਥਾਨ ਹਾਸਲ ਕਰਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ। ਇਹ ਜੇਤੂ ਸਿਖਿਆਰਥੀ ਹੁਣ ਅਗਲੇ ਪੜਾਅ ਤਹਿਤ ਫਰਵਰੀ ਮਹੀਨੇ ਵਿੱਚ ਹੋਣ ਵਾਲੇ ਖੇਤਰੀ (ਰਿਜਨਲ) ਪੱਧਰ ਦੇ ਮੁਕਾਬਲਿਆਂ ਲਈ ਵੱਖ-ਵੱਖ ਰਾਜਾਂ ਵਿੱਚ ਭਾਗ ਲੈਣ ਜਾ ਰਹੇ ਹਨ। ਇਸ ਸਬੰਧ ਵਿੱਚ ਅੱਜ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਵਿਖੇ ਇਕ ਕੌਂਸਲਿੰਗ/ਮੋਟੀਵੇਸ਼ਨ ਸੈਸ਼ਨ ਦਾ ਆਯੋਜਨ ਕੀਤਾ ਗਿਆ, ਜਿਸਦੀ ਅਗਵਾਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕੰਚਨ ਆਈਏਐੱਸ. ਵੱਲੋਂ ਕੀਤੀ। ਉਨ੍ਹਾਂ ਨੇ ਸੈਸ਼ਨ ਦੌਰਾਨ ਜੇਤੂ ਸਿਖਿਆਰਥੀਆਂ ਨੂੰ ਵਧਾਈ ਦਿੰਦਿਆਂ ਅਗਲੇ ਪੜਾਅ ਲਈ ਸ਼ੁੱਭ ਕਾਮਨਾਵਾਂ ਭੇਟ ਕੀਤੀਆਂ। ਉਨ੍ਹਾਂ ਕਿਹਾ ਕਿ ਸਿਖਿਆਰਥੀ ਆਪਣੇ-ਆਪਣੇ ਹੁਨਰ ਵਿੱਚ ਹੋਰ ਨਿਖਾਰ ਲਿਆਉਣ ਲਈ ਮੁਕਾਬਲਿਆਂ ਵਾਲੀਆਂ ਥਾਵਾਂ ਤੋਂ ਨਵੀਂਆਂ ਚੀਜ਼ਾਂ ਸਿੱਖਣ ਅਤੇ ਹਮੇਸ਼ਾਂ ਅੱਗੇ ਵਧਣ ਦੀ ਸੋਚ ਨਾਲ ਕੰਮ ਕਰਨ। ਉਨ੍ਹਾਂ ਜ਼ੋਰ ਦਿੱਤਾ ਕਿ ਹੁਨਰ ਵਿੱਚ ਨਿਰੰਤਰ ਵਿਕਾਸ ਲਈ ਲਗਾਤਾਰ ਸਿੱਖਣਾ ਬਹੁਤ ਜ਼ਰੂਰੀ ਹੈ ਤਾਂ ਜੋ ਨਿਰਧਾਰਿਤ ਟੀਚਿਆਂ ਨੂੰ ਪ੍ਰਾਪਤ ਕੀਤਾ ਜਾ ਸਕੇ।
ਵਧੀਕ ਡਿਪਟੀ ਕਮਿਸ਼ਨਰ ਨੇ ਸਿਖਿਆਰਥੀਆਂ ਨੂੰ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੇ ਮਾਰਗ ਦਰਸ਼ਨ ਜਾਂ ਸਹਾਇਤਾ ਲਈ ਉਹ ਆਪਣੇ-ਆਪਣੇ ਟੀਮ ਲੀਡਰ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਮੈਂਟ ਯੂਨਿਟ ਦੇ ਅਧਿਕਾਰੀ ਗਗਨ ਸ਼ਰਮਾ ਅਤੇ ਬਲਵੰਤ ਸਿੰਘ ਵੀ ਹਾਜ਼ਰ ਸਨ।