ਮਧੂ-ਮੱਖੀ ਪਾਲਣ ਰਾਹੀਂ ਆਮਦਨ ਵਧਾਉਣ ਲਈ ਦਿੱਤੀ ਟ੍ਰੇਨਿੰਗ
ਮਧੂ-ਮੱਖੀ ਪਾਲਣ ਰਾਹੀਂ ਆਮਦਨ ਵਧਾਉਣ ਲਈ ਪੰਜ ਰੋਜ਼ਾ ਸਿਖਲਾਈ ਕੋਰਸ ਲਾਇਆ
Publish Date: Fri, 06 Feb 2026 04:47 PM (IST)
Updated Date: Sat, 07 Feb 2026 04:02 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧੀਨ ਚੱਲ ਰਹੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਆਰੀਆ ਪ੍ਰੋਜੈਕਟ ਤਹਿਤ ਪੰਜ ਰੋਜ਼ਾ ਮਧੂ-ਮੱਖੀ ਪਾਲਣ ਸਿਖਲਾਈ ਕੋਰਸ ਲਾਇਆ ਗਿਆ। ਇਸ ਕਿੱਤਾ-ਮੁਖੀ ਸਿਖਲਾਈ ਕੋਰਸ ਵਿਚ ਕਿਸਾਨਾਂ ਤੇ ਕਿਸਾਨ ਬੀਬੀਆਂ ਨੇ ਵੱਡੀ ਗਿਣਤੀ ’ਚ ਹਿੱਸਾ ਲਿਆ। ਇਸ ਮੌਕੇ ਡਾ. ਗੁਰਦੀਪ ਸਿੰਘ ਸਿੱਧੂ, ਡਿਪਟੀ ਡਾਇਰੈਕਟਰ ਕੇਵੀਕੇ ਬਠਿੰਡਾ ਨੇ ਦੱਸਿਆ ਕਿ ਸਿਖਿਆਰਥੀਆਂ ਨੂੰ ਮਧੂ-ਮੱਖੀ ਪਾਲਣ ਦੇ ਹਰੇਕ ਪੱਖ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ’ਚ ਮੱਖੀਆਂ ਦੀ ਖੁਰਾਕੀ ਸੰਭਾਲ, ਫੁੱਲ-ਫਲਾਕਾ ਦੀ ਮਹੱਤਤਾ, ਡੱਬਿਆਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਣ ਦੇ ਤਰੀਕੇ, ਮੱਖੀਆਂ ਦੀਆਂ ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ, ਸ਼ਹਿਦ ਕੱਢਣ, ਡੱਬਾਬੰਦੀ ਅਤੇ ਮੰਡੀਕਰਨ ਸਬੰਧੀ ਵਿਸ਼ੇ ਸ਼ਾਮਲ ਸਨ।
ਡਾ. ਜਸਵਿੰਦਰ ਕੌਰ, ਕੀਟ ਵਿਗਿਆਨੀ ਵੱਲੋਂ ਮਧੂ-ਮੱਖੀਆਂ ਦੀਆਂ ਕਿਸਮਾਂ, ਜੀਵਨ ਚੱਕਰ ਅਤੇ ਮੌਸਮੀ ਸਾਂਭ-ਸੰਭਾਲ ਬਾਰੇ ਤਕਨੀਕੀ ਜਾਣਕਾਰੀ ਸਾਂਝੀ ਕੀਤੀ ਗਈ। ਇਸਦੇ ਨਾਲ ਹੀ ਡਾ. ਰਨਵੀਰ ਸਿੰਘ, ਸਹਾਇਕ ਪ੍ਰੋਫੈਸਰ (ਕੀਟ ਵਿਗਿਆਨ), ਕੇ.ਵੀ.ਕੇ ਮਾਨਸਾ ਨੇ ਮੱਖੀਆਂ ਦੇ ਕਟੂੰਬਾਂ ਦੀ ਸੰਭਾਲ, ਬਿਮਾਰੀਆਂ ਦੇ ਲੱਛਣ ਅਤੇ ਉਨ੍ਹਾਂ ਦੀ ਰੋਕਥਾਮ ਬਾਰੇ ਵਿਸਥਾਰ ਨਾਲ ਜਾਣਕਾਰੀ ਮੁਹੱਈਆ ਕਰਵਾਈ। ਸਿਖਲਾਈ ਦੌਰਾਨ ਬਾਗਬਾਨੀ ਵਿਕਾਸ ਅਫਸਰ ਡਾ. ਰੀਨਾ ਵੱਲੋਂ ਮਧੂ-ਮੱਖੀ ਪਾਲਕਾਂ ਨੂੰ ਵਿਭਾਗ ਵੱਲੋਂ ਮਿਲਣ ਵਾਲੀਆਂ ਵੱਖ-ਵੱਖ ਸਹੂਲਤਾਂ ਬਾਰੇ ਜਾਣੂ ਕਰਵਾਇਆ ਗਿਆ। ਸਿਖਿਆਰਥੀਆਂ ਦਾ ਬਾਹਰੀ ਦੌਰਾ ਉੱਘੇ ਮੱਖੀ ਪਾਲਕ ਗੁਰਚਰਨ ਸਿੰਘ ਮਾਨ ਦੇ ਪਿੰਡ ਤੁੰਗਵਾਲੀ ਸਥਿਤ ਫਾਰਮ ‘ਤੇ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਸ਼ਹਿਦ ਤੋਂ ਇਲਾਵਾ ਰਾਇਲ ਜੈਲੀ, ਵੀਨਮ ਆਦਿ ਉਤਪਾਦ ਵੀ ਪ੍ਰਾਪਤ ਕਰਕੇ ਆਮਦਨ ਵਧਾਈ ਜਾ ਸਕਦੀ ਹੈ। ਕੋਰਸ ਦੇ ਕੋਆਰਡੀਨੇਟਰ ਡਾ. ਗੁਰਮੀਤ ਸਿੰਘ ਢਿੱਲੋਂ ਵੱਲੋਂ ਕਿਸਾਨਾਂ ਤੇ ਕਿਸਾਨ ਬੀਬੀਆਂ ਨੂੰ ਸਵੈ-ਸਹਾਇਤਾ ਸਮੂਹ ਬਣਾ ਕੇ ਸ਼ਹਿਦ ਦੇ ਮੰਡੀਕਰਨ ਵੱਲ ਧਿਆਨ ਦੇਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਪ੍ਰਸਿੱਧ ਮਧੂ-ਮੱਖੀ ਪਾਲਕਲ ਗੁਰਪਿਆਰ ਸਿੰਘ ਪੱਕਾਂ ਕਲਾਂ, ਅਪਰਪਾਲ ਸਿੰਘ ਤੁੰਗਵਾਲੀ ਤੇ ਜਗਤਾਰ ਸਿੰਘ ਮੰਡੀ ਖੁਰਦ ਨੇ ਵੀ ਆਪਣੇ ਅਨੁਭਵ ਸਾਂਝੇ ਕੀਤੇ। ਸਿਖਲਾਈ ਦੌਰਾਨ ਸਿਖਿਆਰਥੀਆਂ ਵੱਲੋਂ ਦਿਖਾਏ ਗਏ ਉਤਸ਼ਾਹ ਦੀ ਵਿਸ਼ੇਸ਼ ਤੌਰ ‘ਤੇ ਸ਼ਲਾਘਾ ਕੀਤੀ ਗਈ।