ਸਿਧਾਂਤਾਂ ਤੋਂ ਬਿਨਾਂ ਏਕਤਾ ਦਾ ਕੋਈ ਲਾਭ ਨਹੀਂ : ਭੋਲਾ ਸਿੰਘ
ਸਿਧਾਂਤਾਂ ਤੋਂ ਬਿਨਾਂ ਏਕਤਾ ਦਾ ਕੋਈ ਫਾਇਦਾ ਨਹੀਂ: ਭੋਲਾ ਸਿੰਘ ਗਿੱਲਪੱਤੀ
Publish Date: Fri, 06 Feb 2026 04:44 PM (IST)
Updated Date: Sat, 07 Feb 2026 04:02 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਲੰਬੇ ਸਮੇਂ ਤੱਕ ਲੋਕਾਂ ਦੇ ਦਿਲਾਂ ’ਤੇ ਉਹੀ ਪਾਰਟੀਆਂ ਰਾਜ ਕਰ ਸਕੀਆਂ ਹਨ, ਜਿਨ੍ਹਾਂ ਨੇ ਨਿੱਜੀ ਗਰਜਾਂ ਤੇ ਲਾਲਸਾਵਾਂ ਤੋਂ ਉੱਪਰ ਉੱਠ ਕੇ ਲੋਕ-ਪੱਖੀ ਸਿਆਸਤ ਕੀਤੀ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਸ੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਬੁਲਾਰੇ ਤੇ ਜ਼ਿਲ੍ਹਾ ਪ੍ਰਧਾਨ ਭੋਲਾ ਸਿੰਘ ਗਿੱਲ ਪੱਤੀ ਨੇ ਕਿਹਾ ਕਿ ਪੰਥ ਤੇ ਪੰਜਾਬ ਦਾ ਭਲਾ ਚਾਹੁਣ ਵਾਲੇ ਸਾਰੇ ਸੁਹਿਰਦ ਅਕਾਲੀ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਸ਼ਾਨਾਮੱਤੇ ਇਤਿਹਾਸ ਨੂੰ ਮੁੜ ਬੁਲੰਦ ਕਰਦਿਆਂ ਇੱਕਮੁੱਠ ਹੋਣ ਤੇ ਪੰਜਾਬ ਵਿਰੋਧੀ ਤਾਕਤਾਂ ਨੂੰ ਸਿਆਸੀ ਮੈਦਾਨ ਤੋਂ ਬਾਹਰ ਕਰਨ। ਉਨ੍ਹਾਂ ਪਿਛਲੇ ਦਿਨੀਂ ਬਿਕਰਮ ਸਿੰਘ ਮਜੀਠੀਆ ਵੱਲੋਂ ਜੇਲ੍ਹ ਤੋਂ ਰਿਹਾਈ ਉਪਰੰਤ ਦਿੱਤੇ ਬਿਆਨ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਦੋਨਾਂ ਅਕਾਲੀ ਦਲਾਂ ਨੂੰ ਇਕੱਠਾ ਕਰਨ ਦੀ ਗੱਲ ਪਹਿਲੀ ਨਜ਼ਰ ’ਚ ਸ਼ੁਭ ਤੇ ਪੰਥ-ਪੰਜਾਬ ਦੇ ਹਿੱਤ ਵਿੱਚ ਲੱਗਦੀ ਹੈ, ਪਰ ਇਸ ਨਾਲ ਜੁੜੇ ਕਈ ਗੰਭੀਰ ਸਵਾਲ ਵੀ ਪੰਜਾਬ ਦੀ ਲੋਕਾਂ ਦੇ ਮਨ ’ਚ ਉੱਠ ਰਹੇ ਹਨ। ਸਿਰਫ਼ ਸਰੀਰਾਂ ਦੀ ਏਕਤਾ ਨਾਲ ਕੀ ਪਾਰਟੀ ਦੀ ਅਸਲ ਮਜ਼ਬੂਤੀ ਸੰਭਵ ਹੈ? ਕੀ ਸੱਤਾ ਪ੍ਰਾਪਤੀ ਲਈ ਸਿਧਾਂਤਾਂ ਨੂੰ ਪਿੱਛੇ ਛੱਡ ਕੇ ਕੀਤੀ ਏਕਤਾ ਪੰਜਾਬ ਅਤੇ ਪੰਥ ਦਾ ਭਲਾ ਕਰ ਸਕਦੀ ਹੈ? ਕੀ ਰਾਜਸੀ ਤਾਕਤ ਹਾਸਲ ਕਰਨਾ ਹੀ ਇੱਕੋ-ਇੱਕ ਉਦੇਸ਼ ਬਣ ਕੇ ਰਹਿ ਗਿਆ ਹੈ ਜਾਂ ਫਿਰ “ਮੈਂ ਮਰਾਂ, ਮੇਰਾ ਪੰਥ ਜੀਵੇ” ਵਾਲੇ ਸਿਧਾਂਤ ਦੀ ਰਾਖੀ ਅਜੇ ਵੀ ਅਹਿਮ ਹੈ? ਸ਼੍ਰੋਮਣੀ ਅਕਾਲੀ ਦਲ ਜਿਸ ਉਦੇਸ਼ ਲਈ ਬਣਾਇਆ ਗਿਆ ਸੀ, ਜੇ ਉਸੇ ਉਦੇਸ਼ ਨੂੰ ਲਾਂਭੇ ਰੱਖ ਕੇ ਏਕਤਾ ਕੀਤੀ ਗਈ ਤਾਂ ਉਸ ਤੋਂ ਕੋਈ ਸਾਰਥਕ ਨਤੀਜਾ ਨਿਕਲਣਾ ਮੁਸ਼ਕਲ ਹੈ। ਜਦ ਤਕ ਅਸੀਂ ਪਰਿਵਾਰ ਪ੍ਰਸਤ, ਨਿੱਜ ਪ੍ਰਸਤ ਤੇ ਵਪਾਰ ਪ੍ਰਸਤ ਸਿਆਸਤ ਤੋਂ ਬਾਹਰ ਨਿਕਲ ਕੇ ਲੋਕ ਪੱਖੀ ਸਿਆਸਤ ਵੱਲ ਨਹੀਂ ਵਧਾਂਗੇ, ਤਦ ਤਕ ਕਿਸੇ ਵੀ ਤਰ੍ਹਾਂ ਦੀ ਕੀਤੀ ਗਈ ਏਕਤਾ ਸਿਰਫ਼ ਕਾਗਜ਼ੀ ਸਾਬਤ ਹੋਵੇਗੀ। ਉਨ੍ਹਾਂ ਦਲੀਲ ਦਿੱਤੀ ਕਿ ਭਾਰਤ ’ਚ ਜਿਹੜੀਆਂ ਖੇਤਰੀ ਪਾਰਟੀਆਂ ਆਪਣੇ ਸੂਬਿਆਂ ਦੇ ਹਿੱਤਾਂ ਦੀ ਲੜਾਈ ਛੱਡ ਕੇ ਨਿੱਜੀ ਸਿਆਸਤ ’ਚ ਫਸ ਗਈਆਂ, ਉਨ੍ਹਾਂ ਦਾ ਅੰਤ ਹਮੇਸ਼ਾ ਮਾੜਾ ਹੀ ਹੋਇਆ ਹੈ।