10 ਨੂੰ ਕਰਵਾਇਆ ਜਾਵੇਗਾ ਗੁਰਮਤਿ ਸਮਾਗਮ
ਮਹਾਨ ਗੁਰਮਤਿ ਸਮਾਗਮ ‘ਚ 10 ਫਰਵਰੀ ਨੂੰ, ਗਿਆਨੀ ਪਿੰਦਰਪਾਲ ਸਿੰਘ ਖਾਲਸਾ ਸ਼ਿਰਕਤ ਕਰਨਗੇ
Publish Date: Fri, 06 Feb 2026 04:39 PM (IST)
Updated Date: Sat, 07 Feb 2026 04:02 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਗੁਰਦੁਆਰਾ ਸ਼ਹੀਦ ਭਾਈ ਮਤੀ ਦਾਸ ਬਠਿੰਡਾ ’ਚ 10 ਫਰਵਰੀ ਨੂੰ ਮਹਾਨ ਗੁਰਮਤਿ ਸਮਾਗਮ ਹੋਣ ਜਾ ਰਿਹਾ ਹੈ, ਜਿਸ ਵਿਚ ਸਿੱਖ ਕੌਮ ਦੇ ਪ੍ਰਸਿੱਧ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਖਾਲਸਾ ਸ਼ਿਰਕਤ ਕਰਨਗੇ। ਗੁਰਦੁਆਰਾ ਸ਼ਹੀਦ ਭਾਈ ਮਤੀ ਦਾਸ ਬਠਿੰਡਾ ਦੇ ਸਰਪ੍ਰਸਤ ਬਾਬਾ ਆਤਮਾ ਸਿੰਘ ਚਹਿਲ, ਪ੍ਰਧਾਨ ਸੂਬੇਦਾਰ ਜੁਗਰਾਜ ਸਿੰਘ ਤੇ ਜਨਰਲ ਸਕੱਤਰ ਭਾਈ ਬ੍ਰਿਕਰਮ ਸਿੰਘ ਧਿੰਗੜ ਨੇ ਦੱਸਿਆ ਕਿ ਬਾਬਾ ਹਜੂਰਾ ਸਿੰਘ ਖਿਆਲੀ ਵਾਲੇ ਦੇ ਅਗਵਾਈ ਹੇਠ ਪਿਛਲੇ ਇਕ ਸਾਲ ਤੋਂ 16ਵੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਲੜੀ ਚੱਲ ਰਹੀ ਹੈ। ਇਸ ਦੌਰਾਨ ਨਾਨਕ ਨਾਮਲੇਵਾ ਸੰਗਤ ਨੂੰ ਗੁਰਬਾਣੀ ਅਤੇ ਬਾਣੇ ਨਾਲ ਜੋੜਿਆ ਜਾ ਰਿਹਾ ਹੈ। ਇਹ ਗੁਰਮਤਿ ਸਮਾਗਮ 16ਵੀਂ ਸੰਥਿਆ ਦੀ ਸਮਾਪਤੀ ਦੌਰਾਨ ਸ਼ਹੀਦ ਭਾਈ ਮਤੀ ਦਾਸ ਗੁਰਦੁਆਰਾ ਸਾਹਿਬ ਬਠਿੰਡਾ ਦੀ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਬਠਿੰਡਾ ਮਾਨਸਾ ਰੋਡ ‘ਤੇ ਅਲਵਿਸਟਾ ਟਾਈਮ ਸਕੁਐਰ ਨੇੜੇ ਡੀ ਮਾਰਟ 10 ਫਰਵਰੀ ਮੰਗਲਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤਕ ਕਰਵਾਇਆ ਜਾ ਰਿਹਾ ਹੈ।