ਕੋਹੜ ਦੇ ਲੱਛਣ ਤੇ ਉਸਤੋਂ ਬਚਾਅ ਦੇ ਦੱਸੇ ਢੰਗ
ਕੋਹੜ ਦੀ ਬਿਮਾਰੀ ਸਬੰਧੀ ਜਾਗਰੂਕਤਾ ਸੈਸ਼ਨ ਲਾਇਆ
Publish Date: Fri, 06 Feb 2026 04:35 PM (IST)
Updated Date: Sat, 07 Feb 2026 04:02 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਮੁੱਢਲਾ ਸਿਹਤ ਕੇਂਦਰ ਜਨਤਾ ਨਗਰ ਵਿਖੇ ਸਿਹਤ ਸਟਾਫ਼ ਲਈ ਕੋਹੜ (ਲੈਪਰੋਸੀ) ਦੀ ਬਿਮਾਰੀ ਸਬੰਧੀ ਜਾਗਰੂਕਤਾ ਸੈਸ਼ਨ ਲਾਇਆ ਗਿਆ। ਇਸ ਮੌਕੇ ਕੋਹੜ ਦੀ ਸਮੇਂ ’ਤੇ ਪਛਾਣ, ਲੱਛਣਾਂ, ਇਲਾਜ ਅਤੇ ਰੋਕਥਾਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸਿਵਲ ਸਰਜਨ ਡਾ. ਤਪਿੰਦਰਜੋਤ ਨੇ ਇਸ ਜਾਗਰੂਕਤਾ ਮੁਹਿੰਮ ਸਬੰਧੀ ਜਾਣਕਾਰੀ ਦਿੱਤੀ ਕਿ ਇਸ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮਾਂ ਨਾਲ ਕੋਹੜ ਦੀ ਸਮੇਂ ’ਤੇ ਪਛਾਣ ਤੇ ਇਲਾਜ ਸੰਭਵ ਹੋਵੇਗਾ, ਜਿਸ ਨਾਲ ਸਮਾਜ ਨੂੰ ਇਸ ਬਿਮਾਰੀ ਤੋਂ ਮੁਕਤ ਕਰਨ ’ਚ ਮਦਦ ਮਿਲੇਗੀ। 13 ਫਰਵਰੀ ਤਕ ਚੱਲਣ ਵਾਲੀ ਇਸ ਮੁਹਿੰਮ ਦੌਰਾਨ ਸਿਹਤ ਸਟਾਫ਼ ਨੂੰ ਜਿਆਦਾ ਜੋਖਮ ਵਾਲੇ ਖੇਤਰਾਂ ’ਚ ਲੋਕਾਂ ਨੂੰ ਸੁਚੇਤ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਬਲਾਕ ਐਜੂਕੇਟਰ ਪਵਨਜੀਤ ਕੌਰ ਤੇ ਸਿਹਤ ਸੁਪਰਵਾਈਜ਼ਰ ਸਰਬਜੀਤ ਕੌਰ ਨੇ ਦੱਸਿਆ ਕਿ ਕੋਹੜ ਪੂਰੀ ਤਰ੍ਹਾਂ ਠੀਕ ਹੋ ਸਕਣ ਵਾਲੀ ਬਿਮਾਰੀ ਹੈ ਅਤੇ ਸਰਕਾਰੀ ਸਿਹਤ ਕੇਂਦਰਾਂ ’ਤੇ ਇਸ ਦਾ ਮੁਫ਼ਤ ਇਲਾਜ ਉਪਲੱਬਧ ਹੈ। ਸਿਹਤ ਸਟਾਫ਼ ਨੂੰ ਚਮੜੀ ‘ਤੇ ਕਿਸੇ ਵੀ ਤਰ੍ਹਾਂ ਦੇ ਸੁੰਨ ਦਾਗ, ਸੁੰਨਪਨ, ਮਾਸਪੇਸ਼ੀਆਂ ਦੀ ਕਮਜ਼ੋਰੀ ਆਦਿ ਲੱਛਣਾਂ ਦੀ ਪਛਾਣ ਕਰਨ ਤੇ ਮਰੀਜ਼ਾਂ ਨੂੰ ਤੁਰੰਤ ਇਲਾਜ ਲਈ ਪ੍ਰੇਰਿਤ ਕਰਨ ਬਾਰੇ ਦਿਸ਼ਾ-ਨਿਰਦੇਸ਼ ਦਿੱਤੇ। ਇਸ ਸੈਸ਼ਨ ’ਚ ਸਿਹਤ ਸੁਪਰਵਾਈਜ਼ਰ, ਸਿਹਤ ਵਿਭਾਗ ਦੇ ਮੁਲਾਜ਼ਮ ਤੇ ਨਰਸਿੰਗ ਸਟੂਡੈਂਟ ਨੇ ਹਿੱਸਾ ਲਿਆ।