ਹੈਰੋਇਨ ਤੇ ਡੇਢ ਕਿੱਲੋ ਅਫੀਮ ਸਣੇ ਸਤ ਕਾਬੂ
ਡੇਢ ਕਿਲੋ ਅਫੀਮ ਅਤੇ 30.84 ਗਰਾਮ ਹੈਰੋਇਨ ਸਮੇਤ ਸੱਤ ਵਿਅਕਤੀ ਗ੍ਰਿਫਤਾਰ
Publish Date: Fri, 06 Feb 2026 04:30 PM (IST)
Updated Date: Sat, 07 Feb 2026 04:02 AM (IST)

ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹਾ ਪੁਲਿਸ ਨੇ ਜਿੱਥੇ ਵੱਖ ਵੱਖ ਥਾਵਾਂ ਤੋਂ ਭਾਰੀ ਮਾਤਰਾ ਹੈਰੋਇਨ ਤੇ ਡੇਢ ਕਿੱਲੋ ਅਫ਼ੀਮ ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਉੱਥੇ ਹੀ ਜੇਲ੍ਹ ਵਿੱਚ ਹੈਰੋਇਨ ਲੈ ਕੇ ਗਈ ਇਕ ਔਰਤ ਸਮੇਤ ਦੋ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਕੇਂਦਰੀ ਜੇਲ੍ਹ ਬਠਿੰਡਾ ਦੇ ਸਹਾਇਕ ਸੁਪਰਡੈਂਟ ਪਰਮਜੀਤ ਸਿੰਘ ਨੇ ਦੱਸਿਆ ਕਿ ਪ੍ਰੇਮ ਚੰਦ ਅਤੇ ਸੁਖਮੰਦਰ ਕੌਰ ਵਾਸੀਆਨ ਪਿੰਡ ਮੰਡੀ ਕਲਾਂ ਕੇਂਦਰੀ ਜੇਲ੍ਹ ਵਿੱਚ ਕਿਸੇ ਦੀ ਮੁਲਾਕਾਤ ਕਰਨ ਲਈ ਆਏ ਸਨ। ਪਰ ਜਦੋਂ ਜੇਲ੍ਹ ਦੀ ਗਾਰਦ ਨੇ ਉਨ੍ਹਾਂ ਦੀ ਤਲਾਸ਼ੀ ਲਈ ਤਾਂ 4 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਦੀ ਸੂਚਨਾ ਸਹਾਇਕ ਸੁਪਰਿੰਟੈੰਡੈਂਟ ਨੇ ਥਾਣਾ ਕੈਂਟ ਦੀ ਪੁਲਿਸ ਨੂੰ ਦਿੱਤੀ। ਪੁਲਿਸ ਨੇ ਦੋਨਾਂ ਮੁਲਜਮਾਂ ਨੂੰ ਗ੍ਰਿਫਤਾਰ ਕਰਕੇ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ। ਇਸ ਤਰ੍ਹਾਂ ਹੀ ਥਾਣਾ ਕੈਨਾਲ ਕਲੋਨੀ ਦੀ ਪੁਲਿਸ ਨੇ ਬੇਆਬਾਦ ਰੇਲਵੇ ਕੁਆਰਟਰਾਂ ਵਿੱਚ ਸ਼ੱਕੀ ਹਾਲਾਤਾਂ ਅੰਦਰ ਘੁੰਮ ਰਹੇ ਵਿੱਕੀ ਸਿੰਘ ਵਾਸੀ ਸੁਰਖਪੀਰ ਰੋਡ ਬਠਿੰਡਾ ਤੇ ਮਨਦੀਪ ਸਿੰਘ ਵਾਸੀ ਲਾਲ ਸਿੰਘ ਬਸਤੀ ਬਠਿੰਡਾ ਨੂੰ ਦੋ ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਥਾਣਾ ਨੇਹੀਆਂਵਾਲਾ ਦੀ ਪੁਲਿਸ ਨੇ ਗੋਨਿਆਣਾ ਮੰਡੀ ’ਚ ਛਾਪਾਮਾਰੀ ਕਰਦਿਆਂ ਪ੍ਰੀਤ ਸਿੰਘ ਵਾਸੀ ਅਬਲੂ ਨੂੰ ਤਿੰਨ ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ, ਜਦੋਂ ਕਿ ਥਾਣਾ ਤਲਵੰਡੀ ਸਾਬੋ ਦੀ ਪੁਲਿਸ ਨੇ ਪਿੰਡ ਸਿੰਗੋ ਵਿੱਚ ਇਕ ਸ਼ੱਕੀ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 20.84 ਗ੍ਰਾਮ ਹੈਰੋਇਨ ਬਰਾਮਦ ਹੋਈ।
ਪੁਲਿਸ ਪਾਰਟੀ ਨੇ ਮੁਲਜਮ ਨੂੰ ਮੌਕੇ ’ਤੇ ਕਾਬੂ ਕਰ ਲਿਆ, ਜਿਸ ਦੀ ਪਛਾਣ ਜਸਪਾਲ ਸਿੰਘ ਵਾਸੀ ਬਹਿਮਨ ਕੌਰ ਸਿੰਘ ਵਾਲਾ ਵਜੋਂ ਹੋਈ ਹੈ। ਇਕ ਹੋਰ ਮਾਮਲੇ ਵਿੱਚ ਸੀਆਈਏ ਸਟਾਫ ਦੋ ਦੀ ਪੁਲਿਸ ਨੇ ਪਿੰਡ ਜਗਾਰਾਮ ਤੀਰਥ ਨੇੜੇ ਇਕ ਸ਼ੱਕੀ ਕਾਰ ਨੰਬਰ ਡੀਐਲ 8 ਸੀਐਮ 9480 ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿੱਚੋਂ 1 ਕਿੱਲੋ 500 ਗ੍ਰਾਮ ਅਫੀਮ ਬਰਾਮਦ ਹੋਈ। ਪੁਲਿਸ ਪਾਰਟੀ ਨੇ ਮੁਲਜ਼ਮ ਨੂੰ ਮੌਕੇ ’ਤੇ ਕਾਬੂ ਕਰ ਲਿਆ ਜਿਸ ਦੀ ਪਛਾਣ ਕਮਲਜੀਤ ਸਿੰਘ ਵਸੀ ਪਿੰਡ ਸਿੰਗੋ ਮੰਡੀ ਵਜੋਂ ਹੋਈ ਹੈ। ਸੀਆਈਏ ਸਟਾਫ ਦੇ ਸਹਾਇਕ ਥਾਣੇਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੁਲਜਮ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਅਫੀਮ ਕਿੱਥੋਂ ਲੈ ਕੇ ਆਇਆ ਸੀ ਤੇ ਕਿੱਥੇ ਸਪਲਾਈ ਕਰਨੀ ਸੀ। ਪੁਲਿਸ ਨੇ ਇਨ੍ਹਾਂ ਸਾਰੇ ਮੁਲਜ਼ਮਾਂ ਖਿਲਾਫ ਨਸ਼ਾ ਰੋਕੂ ਐਕਟ ਦੀਆਂ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ।